ਸਟੱਡੀ ਸਰਕਲ ਦਾ 53ਵਾਂ ਸਾਲਾਨਾ ਸਮਾਗਮ ਸਮਾਪਤ
ਪ੍ਰਤੀਨਿਧਾਂ ਨੇ ਸਰਬੱਤ ਦੇ ਭਲੇ ਦੀ ਲਹਿਰ ਵਿੱਚ ਯੋਗਦਾਨ ਪਾਉਣ ਦਾ ਪ੍ਰਣ ਲਿਅਾ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ 53ਵਾਂ ਸਾਲਾਨਾ ਸਮਾਗਮ ਅੱਜ ਜੈਕਾਰਿਆਂ ਦੀ ਗੂੰਜ ਵਿੱਚ ਸਮਾਪਤ ਹੋ ਗਿਆ ਹੈ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਪੁੱਜੇ ਪ੍ਰਤੀਨਿਧਾਂ ਨੇ ਤਨ, ਮਨ ਅਤੇ ਧਨ ਨਾਲ ਸਰਬੱਤ ਦੇ ਭਲੇ ਦੀ ਇਸ ਲਹਿਰ ਵਿਚ ਯੋਗਦਾਨ ਪਾਉਣ ਦਾ ਪ੍ਰਣ ਕੀਤਾ।
ਜਥੇਬੰਦੀ ਦੇ ਕੇਂਦਰੀ ਦਫ਼ਤਰ ਵਿੱਚ ਅੱਜ ਸਮਾਗਮ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਜੀ ਸਰਕਲ ਦੀਆਂ ਪੰਜਾਂ ਕੌਂਸਲਾਂ ਦੇ ਮੁਖੀਆਂ ਬਰਜਿੰਦਰਪਾਲ ਸਿੰਘ ਚੀਫ਼ ਆਰਗੇਨਾਈਜ਼ਰ, ਹਰਦੀਪ ਸਿੰਘ ਚੀਫ਼ ਕੰਟਰੋਲ ਆਫ਼ ਫਾਇਨਾਂਸ, ਹਰੀ ਸਿੰਘ ਜਾਚਕ ਚੀਫ਼ ਕੋਲੈਬੋਰੇਸ਼ਨ, ਸੁਰਜੀਤ ਸਿੰਘ ਚੀਫ਼ ਐਡਮਨਿਸਟ੍ਰੇਟਰ ਅਤੇ ਪ੍ਰੋ. ਮਨਿੰਦਰ ਸਿੰਘ ਡਾਇਰੈਕਟਰ ਜਨਰਲ ਨੇ ਰਸਮੀ ਤੌਰ ’ਤੇ ਨਿਸ਼ਾਨ ਸਾਹਿਬ ਲਹਿਰਾ ਕੇ ਕੀਤਾ।
ਇਸ ਮੌਕੇ ਬਲਜੀਤ ਸਿੰਘ ਚੇਅਰਮੈਨ ਨੇ ਸਮਾਗਮ ਦੇ ਪ੍ਰੇਰਨਾ ਥੀਮ ‘ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਲਾਮਬੰਦੀ’ ਬਾਰੇ ਸੰਦੇਸ਼ ਦਿੱਤਾ। ਸਟੱਡੀ ਸਰਕਲ ਦੇ ਸੰਸਥਾਪਕ ਪ੍ਰਧਾਨ ਗੁਰਮੀਤ ਸਿੰਘ ਨੇ ਵਿਸ਼ੇਸ਼ ਲੈਕਚਰ ਰਾਹੀਂ ਹਾਜ਼ਰ ਕਾਡਰ ਨੂੰ ਸਟੱਡੀ ਸਰਕਲ ਦੀ ਭਵਿੱਖੀ ਯੋਜਨਾ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ।
ਪਹਿਲੇ ਸੈਸ਼ਨ ਦੌਰਾਨ ਗਿਆਨੀ ਭਗਵਾਨ ਸਿੰਘ ਜੌਹਲ ਨੇ ਵਿਚਾਰਾਂ ਦੀ ਸਾਂਝ ਪਾਈ। ਦੂਸਰੇ ਸੈਸ਼ਨ ਦੌਰਾਨ ਡਾ. ਮਾਨਵ ਇੰਦਰਾ ਸਿੰਘ ਗਿੱਲ ਡੀਨ ਪੋਸਟ ਗਰੈਜੂਏਟ ਸਟੱਡੀਜ਼ ਪੀ ਏ ਯੂ ਨੇ ਪ੍ਰੇਰਣਾਮਈ ਲੈਕਚਰ ਦਿੱਤਾ। ਇਸ ਮੌਕੇ ਸਾਲਾਨਾ ਰਿਪੋਰਟ ਰਿਲੀਜ਼ ਕੀਤੀ ਗਈ। ਸਟੇਜ ਸੰਚਾਲਨ ਕਰਦਿਆਂ ਗੁਰਚਰਨ ਸਿੰਘ ਸਕੱਤਰ ਜਨਰਲ ਅਤੇ ਨਵਪ੍ਰੀਤ ਸਿੰਘ ਡਿਪਟੀ ਚੀਫ਼ ਸਕੱਤਰ ਕੀਰਤਨ ਨੇ ਸਟੱਡੀ ਸਰਕਲ ਦੇ ਇਤਿਹਾਸ ਬਾਰੇ ਰੌਸ਼ਨੀ ਪਾਈ।
ਸਾਲਾਨਾ ਸਮਾਗਮ ਦੌਰਾਨ ਗੁਰਚਰਨ ਸਿੰਘ ਜੈਤੋਂ ਜ਼ੋਨਲ ਸਕੱਤਰ ਫਰੀਦਕੋਟ ਸ੍ਰੀ ਮੁਕਤਸਰ ਸਾਹਿਬ ਜ਼ੋਨ, ਹਰਜਿੰਦਰ ਸਿੰਘ ਮਾਣਕਪੁਰਾ ਐਡੀਸ਼ਨਲ ਚੀਫ਼ ਸਕੱਤਰ ਸਮਾਜਿਕ ਖੇਤਰ ਕੌਂਸਲ, ਨਰਿੰਦਰਪਾਲ ਸਿੰਘ ਐਡੀਸ਼ਨਲ ਚੀਫ ਸਕੱਤਰ ਅਕਾਦਿਮਕ ਕੌਂਸਲ, ਡਾ. ਅਮਨਦੀਪ ਸਿੰਘ ਡਿਪਟੀ ਚੀਫ ਸਕੱਤਰ ਅਕਾਦਮਿਕ ਕੌਂਸਲ, ਡਾ. ਅਵੀਨਿੰਦਰਪਾਲ ਸਿੰਘ ਡਿਪਟੀ ਡਾਇਰੈਕਟਰ ਜਨਰਲ ਐੱਚ ਆਰ ਡੀ ਅਤੇ ਪ੍ਰੋ. ਮਨਿੰਦਰ ਸਿੰਘ ਡਾਇਰੈਕਟਰ ਜਨਰਲ ਐੱਚ ਆਰ ਡੀ ਨੇ ਹਾਜ਼ਰ ਸੇਵਾਦਾਰਾਂ ਨੂੰ ਹੋਰ ਚੜ੍ਹਦੀ ਕਲਾ ਨਾਲ ਕਾਰਜ ਕਰਨ ਦੀ ਪ੍ਰੇਰਨਾ ਦਿੱਤੀ।

