ਗੌਰਮਿੰਟ ਕਾਲਜ ਤੇ ਜੀਐੱਨਕੇਸੀਡਬਲਿਯੂ ’ਚ ਵਿਦਿਆਰਥੀਆਂ ਦਾ ਸਵਾਗਤ
ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਜੁਲਾਈ
ਗੌਰਮਿੰਟ ਕਾਲਜ ਲੜਕੀਆਂ, ਲੁਧਿਆਣਾ ਅਤੇ ਜੀਐੱਨਕੇਸੀਡਬਲਿਯੂ ਵਿੱਚ ਪਹਿਲੇ ਸਾਲ ਦੀਆਂ ਵਿਦਿਆਰਥਣਾਂ ਲਈ ਇੱਕ ਓਰੀਐਂਟੇਸ਼ਨ ਸਮਾਰੋਹ ਕਰਵਾਇਆ ਗਿਆ। ਗੌਰਮਿੰਟ ਕਾਲਜ ਲੜਕੀਆਂ ਦੇ ਸਮਾਰੋਹ ਦੀ ਸ਼ੁਰੂਆਤ ਕਾਲਜ ਗੀਤ ਨਾਲ ਹੋਈ। ਇਸ ਮੌਕੇ ’ਤੇ ਕਾਲਜ ਪ੍ਰਿੰਸੀਪਲ ਸੁਮਨ ਲਤਾ ਨੇ ਵਿਦਿਆਰਥੀਆਂ ਦਾ ਕਾਲਜ ਪਰਿਵਾਰ ਵਿੱਚ ਸਵਾਗਤ ਕੀਤਾ ਅਤੇ ਕਿਹਾ ਕਿ ਅੱਜ ਤੁਹਾਡੇ ਲਈ ਇੱਕ ਨਵੀਂ ਯਾਤਰਾ ਦੀ ਸ਼ੁਰੂਆਤ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਵਾਈਸ ਪ੍ਰਿੰਸੀਪਲ ਅਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਗੁਰਜਿੰਦਰ ਕੌਰ ਨੇ ਟਿਊਟੋਰਿਅਲ ਸਮੂਹਾਂ ਬਾਰੇ ਜਾਣਕਾਰੀ ਦਿੱਤੀ। ਡਾ. ਮਮਤਾ ਨੇ ਵਿਦਿਆਰਥੀਆਂ ਨੂੰ ਸਮਾਂ-ਸਾਰਣੀ ਬਾਰੇ ਜਾਣਕਾਰੀ ਦਿੱਤੀ, ਜਦਕਿ ਡਾ. ਸੁਮੀਤ ਬਰਾੜ ਨੇ ਕਾਲਜ ਅਤੇ ਯੂਨੀਵਰਸਿਟੀ ਪ੍ਰੀਖਿਆਵਾਂ ਦੇ ਨਾਲ-ਨਾਲ ਲਾਇਬ੍ਰੇਰੀ ਬਾਰੇ ਵੀ ਚਰਚਾ ਕੀਤੀ। ਸ਼੍ਰੀਮਤੀ ਮਨਦੀਪ ਦੂਆ ਨੇ ਵਿਦਿਆਰਥੀਆਂ ਨੂੰ ਐਂਟੀ-ਰੈਗਿੰਗ ਸੈੱਲ ਬਾਰੇ ਜਾਣੂ ਕਰਵਾਇਆ। ਪ੍ਰੋਗਰਾਮ ਦਾ ਸੰਚਾਲਨ ਸਰਿਤਾ ਖੁਰਾਨਾ ਵੱਲੋਂ ਕੀਤਾ ਗਿਆ।
ਇਸੇ ਤਰ੍ਹਾਂ ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈੱਨ ਨੇ ਬੀਏ, ਬੀ.ਕੌਮ, ਬੀਬੀਏ ਅਤੇ ਬੀਸੀਏ ਦੇ ਨਵੇਂ ਦਾਖਲ ਹੋਏ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਪ੍ਰੋਗਰਾਮ ਕਰਵਾਇਆ। ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਪ੍ਰੇਰਨਾਦਾਇਕ ਉਦਘਾਟਨੀ ਭਾਸ਼ਣ ਦਿੱਤਾ ਜਿਸ ਵਿੱਚ ਸੰਸਥਾ ਦੇ ਦ੍ਰਿਸ਼ਟੀਕੋਣ, ਕਦਰਾਂ-ਕੀਮਤਾਂ ਅਤੇ ਇਸ ਦੀ ਵਿਰਾਸਤ ਨੂੰ ਬਰਕਰਾਰ ਰੱਖਣ ਵਿੱਚ ਵਿਦਿਆਰਥੀਆਂ ਦੀ ਭੂਮਿਕਾ ’ਤੇ ਚਾਨਣਾ ਪਾਇਆ। ਅੰਗਰੇਜ਼ੀ ਵਿਭਾਗ ਦੀ ਸਹਾਇਕ ਪ੍ਰੋਫ਼ੈਸਰ ਗਗਨੀਤ ਪਾਲ ਕੌਰ ਨੇ ਵਿਦਿਆਰਥੀਆਂ ਨੂੰ ਅਕਾਦਮਿਕ ਇਮਾਨਦਾਰੀ, ਅਨੁਸ਼ਾਸਨ, ਹਾਜ਼ਰੀ, ਐਂਟੀ-ਰੈਗਿੰਗ ਦਿਸ਼ਾ-ਨਿਰਦੇਸ਼ਾਂ ਅਤੇ ਨੈਤਿਕ ਵਿਵਹਾਰ ਬਾਰੇ ਕਾਲਜ ਦੀਆਂ ਨੀਤੀਆਂ ਬਾਰੇ ਸੰਵੇਦਨਸ਼ੀਲ ਬਣਾਇਆ।