ਉਤਸ਼ਾਹ ਨਾਲ ਸਕੂਲ ਪੁੱਜੇ ਮੈਕਸ ਆਰਥਰ ਪਬਲਿਕ ਸਕੂਲ ਦੇ ਵਿਦਿਆਰਥੀ
ਪੱਤਰ ਪੇ੍ਰਰਕ
ਸਮਰਾਲਾ, 1 ਜੁਲਾਈ
ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਸਮਰਾਲਾ ਦੇ ਵਿਦਿਆਰਥੀ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਬਹੁਤ ਹੀ ਜੋਸ਼ ਅਤੇ ਖੁਸ਼ੀ ਨਾਲ ਸਕੂਲ ਪਹੁੰਚੇ। ਅਧਿਆਪਕਾਂ ਨੇ ਰੰਗ-ਬਿਰੰਗੇ ਗੁਬਾਰੇ ਸਜਾ ਕੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਸਕੂਲ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਚਹਿਲ ਕਦਮੀ ਨੇ ਸਕੂਲ ਦੀ ਸ਼ੋਭਾ ਨੂੰ ਵਧਾਇਆ। ਵਿਦਿਆਰਥੀਆਂ ਵਿੱਚ ਵੀ ਆਪਣੇ ਦੋਸਤਾਂ ਨੂੰ ਮਿਲਣ ਦੀ ਉਮੰਗ ਅਤੇ ਉਤਸ਼ਾਹ ਉਨ੍ਹਾਂ ਦੇ ਚਿਹਰਿਆਂ ਤੋਂ ਝਲਕ ਰਿਹਾ ਸੀ। ਇਸ ਦਿਨ ਨੂੰ ਯਾਦਗਾਰੀ ਬਣਾਉਣ ਲਈ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਵਿਦਿਆਰਥੀਆਂ ਨੇ ਪ੍ਰਮਾਤਮਾ ਦਾ ਗੁਣਗਾਣ ਕਰਨ ਉਪਰੰਤ ਸਾਰਿਆਂ ਨੂੰ ਜੀ ਆਇਆ ਕਿਹਾ ਅਤੇ ਰਹਿੰਦੇ ਵਿਦਿਅਕ ਵਰ੍ਹੇ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਲਗਨ ਨਾਲ ਪੂਰਾ ਕਰਨ ਦਾ ਸੰਦੇਸ਼ ਦਿੱਤਾ। ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਮੌਸਮ ਦੀ ਨਜ਼ਾਕਤ ਨੂੰ ਸਮਝਦਿਆਂ ਸਿਹਤ ਅਤੇ ਖਾਣ-ਪੀਣ ਦਾ ਧਿਆਨ ਰੱਖਣ ਲਈ ਸੁਝਾਅ ਦਿੱਤੇ। ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਨਵਾਂ ਦਿਨ ਨਵੇਂ ਮੌਕੇ ਤੇ ਸੰਭਾਵਨਾਵਾਂ ਪ੍ਰਦਾਨ ਕਰਦਾ ਹੈ ,ਉਨ੍ਹਾਂ ਨੂੰ ਨਵੇਂ ਨਿਸ਼ਾਨੇ ਮਿਥਣੇ ਚਾਹੀਦੇ ਹਨ। ਵਿਦਿਆਰਥੀ ਆਪਣੀਆਂ-ਆਪਣੀਆਂ ਜਮਾਤਾਂ ਵਿੱਚ ਪਹੁੰਚੇ। ਇੰਚਾਰਜ ਅਧਿਆਪਕਾਂ ਦੁਆਰਾ ਬੋਰਡ ’ਤੇ ਸਵਾਗਤੀ ਨੋਟ ਲਿਖ ਕੇ ਵਿਦਿਆਰਥੀਆਂ ਵਿੱਚ ਜੋਸ਼ ਅਤੇ ਉਤਸ਼ਾਹ ਭਰਿਆ। ਇਸ ਦਿਨ ਨੂੰ ਹੋਰ ਯਾਦਗਾਰ ਬਣਾਉਂਦੇ ਹੋਏ ਅਧਿਆਪਕਾਂ ਦੁਆਰਾ ਆਈਸ ਬਰੇਕਿੰਗ, ਕਹਾਣੀ ਸੁਣਨਾ, ਵੱਖ -ਵੱਖ ਤਰ੍ਹਾਂ ਦੀਆਂ ਖੇਡਾਂ ਅਤੇ ਸੰਗੀਤ ਸਬੰਧੀ ਗਤੀਵਿਧੀਆਂ ਰਾਹੀਂ ਵਾਤਾਵਰਣ ਆਨੰਦ ਭਰਪੂਰ ਬਣਾਇਆ ਗਿਆ। ਇਸ ਉਪਰੰਤ ਵਿਦਿਆਰਥੀਆਂ ਨੇ ਛੁੱਟੀਆਂ ਦੇ ਦੌਰਾਨ ਆਪਣੇ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ ਆਦਿ ਨਾਲ ਬਿਤਾਏ ਪਲਾਂ ਨੂੰ ਸਾਂਝਾ ਕੀਤਾ।