ਲਲਤੋਂ ਕਲਾਂ ਤੇ ਖ਼ੁਰਦ ’ਚ ਵਿਦਿਆਰਥੀਆਂ ਦਾ ਸਨਮਾਨ
ਸਰਕਾਰੀ ਸੀਨੀਅਰ ਸੈਕੰਡਰੀ ਲਲਤੋਂ ਕਲਾਂ ਵਿੱਚ 33ਵੇਂ ਸਾਲਾਨਾ ਸਨਮਾਨ ਸਮਾਗਮ ਦੌਰਾਨ 6ਵੀਂ ਤੋਂ 12ਵੀਂ ਦੇ ਸਲਾਨਾ ਪ੍ਰੀਖਿਆਵਾਂ ਵਿੱਚ ਮੱਲਾਂ ਮਾਰਨ ਵਾਲੇ ਹੋਣਹਾਰ ਵਿਦਿਆਰਥੀਆਂ ਦਾ ਗ਼ਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਯਾਦਗਾਰ ਕਮੇਟੀ ਲਲਤੋਂ ਖ਼ੁਰਦ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਮਾਣ ਸਨਮਾਨ ਕੀਤਾ ਗਿਆ। ਇਨਕਲਾਬੀ ਦੇਸ਼ ਭਗਤ ਗ਼ਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਤੇ ਸਮੂਹ ਦੇਸ਼ ਭਗਤ ਸ਼ਹੀਦਾਂ ਅਤੇ ਯੋਧਿਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕਰਨ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ ਗਈ।
ਸਮਾਗਮ ਨੂੰ ਸੰਬੋਧਨ ਕਰਦਿਆਂ ਜੋਰਾ ਸਿੰਘ, ਰੂਪ ਸਿੰਘ, ਜਸਦੇਵ ਸਿੰਘ ਲਲਤੋਂ, ਪ੍ਰਿੰਸੀਪਲ ਜਗਦੀਪ ਕੌਰ ਸਿੱਧੂ, ਉਜਾਗਰ ਸਿੰਘ ਬੱਦੋਵਾਲ, ਉੱਘੇ ਲੇਖਕ ਉਜਾਗਰ ਸਿੰਘ ਲਲਤੋਂ, ਰਣਜੀਤ ਸਿੰਘ ਅਤੇ ਉੱਘੇ ਰੰਗਕਰਮੀ ਹਰਕੇਸ਼ ਚੌਧਰੀ ਨੇ ਵਿਦਿਆਰਥੀਆਂ ਨੂੰ ਸਕੂਲੀ ਪੜਾਈ ਦੇ ਨਾਲ-ਨਾਲ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਮਹਾਨ ਦੇਸ਼ ਭਗਤਾਂ, ਗ਼ਦਰੀ ਸੂਰਬੀਰਾਂ ਦੇ ਜੀਵਨ ਅਤੇ ਕੁਰਬਾਨੀਆਂ ਤੋਂ ਇਲਾਵਾ ਸਾਹਿਤ ਅਤੇ ਸਭਿਆਚਾਰ ਬਾਰੇ ਜਾਣਕਾਰੀ ਲਈ ਕਿਤਾਬਾਂ ਪੜ੍ਹਨ ਦੀ ਪ੍ਰੇਰਨਾ ਦਿੱਤੀ। ਸੀਨੀਅਰ ਸੈਕੰਡਰੀ ਸਕੂਲ, ਮਿਡਲ ਸਕੂਲ, ਪ੍ਰਾਇਮਰੀ ਸਕੂਲ ਸਮੇਤ ਸਰਕਾਰੀ ਪ੍ਰਾਇਮਰੀ ਸਕੂਲ ਲਲਤੋਂ ਖ਼ੁਰਦ ਦੇ ਹੋਣਹਾਰ ਵਿਦਿਆਰਥੀਆਂ ਦਾ ਯਾਦਗਾਰੀ ਟਰਾਫ਼ੀਆਂ ਦੇ ਕੇ ਸਨਮਾਨ ਕੀਤਾ ਗਿਆ। ਪਰਮਜੀਤ ਸਿੰਘ ਬਿੱਟੂ (ਮਨੀਲਾ) ਦੇ ਪਰਿਵਾਰ ਵੱਲੋਂ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਲੋੜਵੰਦ ਵਿਦਿਆਰਥੀਆਂ ਦੀਆਂ ਫ਼ੀਸਾਂ ਦੀ ਰਾਸ਼ੀ ਦਾਨ ਕੀਤੀ ਗਈ। ਸਕੂਲ ਪ੍ਰਬੰਧਕਾਂ ਵੱਲੋਂ ਦਾਨੀ ਸੱਜਣਾਂ ਅਤੇ ਹੋਰ ਪਤਵੰਤਿਆਂ ਦਾ ਵਿਦਿਆਰਥੀਆਂ ਦੀ ਪੜਾਈ ਲਈ ਸਹਿਯੋਗ ਵਾਸਤੇ ਧੰਨਵਾਦ ਕੀਤਾ ਗਿਆ।