ਖੇਤਾਂ ਵਿੱਚ ਨਾੜ ਸਾੜਨ ਦਾ ਵਰਤਾਰਾ 40 ਫ਼ੀਸਦ ਘਟਿਆ: ਮਾਹਿਰ
ਪਰਾਲੀ ਨੂੰ ਸਾਡ਼ਨ ਤੇ ਵਾਤਾਵਰਨ ਨੂੰ ਬਚਾਉਣ ਵਰਗੇ ਮਸਲਿਆਂ ’ਤੇ ਚਰਚਾ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਵਿੱਚ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਸਬੰਧੀ ਭਾਈਵਾਲ ਧਿਰਾਂ ਦੀ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਭਾਰਤੀ ਖੇਤੀ ਖੋਜ ਪਰਿਸ਼ਦ ਦੇ ਡਾਇਰੈਕਟਰ ਜਨਰਲ ਡਾ. ਐੱਮ ਐੱਲ ਜਾਟ ਨੇ ਸ਼ਿਰਕਤ ਕੀਤੀ ਜਦਕਿ ਪ੍ਰਧਾਨਗੀ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕੀਤੀ। ਵਿਚਾਰ ਵਟਾਂਦਰੇ ਦੌਰਾਨ ਰਹਿੰਦ-ਖੂੰਹਦ ਪ੍ਰਬੰਧਨ, ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਅਤੇ ਵਾਤਾਵਰਨ ਸਨੇਹੀ ਖੇਤੀ ਪ੍ਰਕਿਰਿਆਵਾਂ ਸਬੰਧੀ ਖੁੱਲ੍ਹ ਕੇ ਗੱਲਬਾਤ ਹੋਈ।
ਪਸਾਰ ਸਿੱਖਿਆ ਨਿਰਦੇਸ਼ਕ ਡਾ. ਰਵਿੰਦਰ ਸਿੰਘ ਗਰੇਵਾਲ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਇਸ ਸਮਕਾਲੀ ਸਮੱਸਿਆਂ ਬਾਰੇ ਝਾਤ ਪਾਈ। ਡਾ. ਪਰਵਿੰਦਰ ਸ਼ੇਰੋਂ ਨੇ ਕਿਹਾ ਕਿ ਪਿਛਲੇ ਵਰ੍ਹੇ ਨਾਲੋਂ ਖੇਤਾਂ ਵਿੱਚ ਨਾੜ ਸਾੜਨ ਦਾ ਵਰਤਾਰਾ 40 ਫ਼ੀਸਦ ਘੱਟ ਗਿਆ ਹੈ।
ਡਾ. ਐੱਮ ਐੱਲ ਜਾਟ ਨੇ ਸਾਰੀਆਂ ਭਾਈਵਾਲ ਧਿਰਾਂ ਨੂੰ ਕਿਹਾ ਕਿ ਸਮੂਹਿਕ ਯਤਨਾਂ ਤੋਂ ਬਗੈਰ ਅਸੀਂ ਕੋਈ ਵੀ ਟੀਚਾ ਹੱਲ ਨਹੀਂ ਕਰ ਸਕਦੇ। ਸਾਨੂੰ ਫ਼ਸਲੀ ਰਹਿੰਦ-ਖੂੰਹਦ ਦੀ ਸੁਚੱਜੀ ਵਰਤੋਂ, ਕੌਸ਼ਲ ਵਿਕਾਸ, ਘੱਟ ਖਰਚੀਲੇ ਢੰਗ, ਮਿੱਟੀ ਦੇ ਨਮੂਨੇ ਲੈਣੇ ਅਤੇ ਰਹਿੰਦ-ਖੂੰਹਦ ਦੇ ਧਰਤੀ ’ਤੇ ਪੈਂਦੇ ਪ੍ਰਭਾਵਾਂ ਵੱਲ ਖਾਸ ਧਿਆਨ ਦੇਣਾ ਪਵੇਗਾ।
ਡਾ. ਗਿੱਲ ਨੇ ਕਿਹਾ ਕਿ ਪਰਾਲੀ ਦੀ ਵਰਤੋਂ ਪਸ਼ੂ ਪਾਲਣ ਕਿੱਤਿਆਂ ਵਿੱਚ ਵੀ ਬਹੁਤ ਕਿਫਾਇਤੀ ਸਾਬਤ ਹੋ ਰਹੀ ਹੈ। ਪਰਿਸ਼ਦ ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਰਾਜਬੀਰ ਸਿੰਘ ਨੇ ਧੰਨਵਾਦ ਕੀਤਾ। ਇਸ ਮੌਕੇ ਨਿਰਦੇਸ਼ਕ ਸੀਫੇਟ ਡਾ. ਨਚੀਕੇਤ ਕੋਤਵਾਲੀ ਵਾਲੇ, ਨਿਰਦੇਸ਼ਕ, ਭਾਰਤੀ ਮੱਕੀ ਖੋਜ ਸੰਸਥਾ ਡਾ. ਐੱਚ ਐੱਸ ਜਾਟ, ਪੀ ਏ ਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਆਦਿ ਮੌਜੂਦ ਸਨ।
ਵੈਟਰਨਰੀ ਦੇ ਹੋਸਟਲ ਦਾ ਨੀਂਹ ਪੱਥਰ ਰੱਖਿਆ
ਭਾਰਤੀ ਖੋਜ ਪਰਿਸ਼ਦ ਦੇ ਡਾਇਰੈਕਟਰ ਜਨਰਲ ਡਾ. ਐੱਮ ਐੱਲ ਜਾਟ ਨੇ ਅੱਜ ਵੈਟਰਨਰੀ ਯੂਨੀਵਰਸਿਟੀ ਵਿੱਚ ਕੌਮਾਂਤਰੀ ਹੋਸਟਲ ਦਾ ਨੀਹ ਪੱਥਰ ਰੱਖਿਆ। ਇਹ ਹੋਸਟਲ ਵਿਦੇਸ਼ ਤੋਂ ਆਏ ਵਿਦਿਆਰਥੀਆਂ ਅਤੇ ਸਿੱਖਿਆ ਸ਼ਾਸ਼ਤਰੀਆਂ ਦੀਆਂ ਰਿਹਾਇਸ਼ੀ ਅਤੇ ਅਧਿਐਨ ਲੋੜਾਂ ਦੇ ਮੱਦੇਨਜ਼ਰ ਬਣਾਇਆ ਜਾ ਰਿਹਾ ਹੈ। ’ਵਰਸਿਟੀ ਦੇ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਡਾ. ਜਾਟ ਨੂੰ ’ਵਰਸਿਟੀ ਦੇ ਡੇਅਰੀ ਅਤੇ ਮੱਛੀ ਪਾਲਣ ਫਾਰਮ ਦਾ ਦੌਰਾ ਵੀ ਕਰਵਾਇਆ ਗਿਆ। ਭਾਰਤੀ ਖੇਤੀ ਖੋਜ ਪਰਿਸ਼ਦ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਨੀਂਹ ਪੱਥਰ ਸਮਾਗਮ ਮੌਕੇ ਪੀ ਏ ਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਅਤੇ ਹੋਰ ਕਈ ਉੱਚ ਅਧਿਕਾਰੀ ਮੌਜੂਦ ਸਨ।

