ਆਵਾਜਾਈ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤੀ
ਲੁਧਿਆਣਾ ਵਿੱਚ ਟਰੈਫਿਕ ਪੁਲੀਸ ਕਾਫ਼ੀ ਸਮੇਂ ਤੋਂ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ। ਪੁਲੀਸ ਨੇ ਸ਼ਹਿਰ ਵਿੱਚ ਸਖ਼ਤੀ ਇੰਨੀ ਵਧਾ ਦਿੱਤੀ ਹੈ ਕਿ ਕੋਈ ਵੀ ਨਿਯਮ ਤੋੜਨ ਵਾਲਾ ਹੁਣ ਪੁਲੀਸ ਤੋਂ ਬਚ ਨਹੀਂ...
ਲੁਧਿਆਣਾ ਵਿੱਚ ਟਰੈਫਿਕ ਪੁਲੀਸ ਕਾਫ਼ੀ ਸਮੇਂ ਤੋਂ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ। ਪੁਲੀਸ ਨੇ ਸ਼ਹਿਰ ਵਿੱਚ ਸਖ਼ਤੀ ਇੰਨੀ ਵਧਾ ਦਿੱਤੀ ਹੈ ਕਿ ਕੋਈ ਵੀ ਨਿਯਮ ਤੋੜਨ ਵਾਲਾ ਹੁਣ ਪੁਲੀਸ ਤੋਂ ਬਚ ਨਹੀਂ ਸਕਦਾ। ਅੱਜ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਟਰੈਫਿਕ ਪੁਲੀਸ ਨੇ ਓਵਰਲੋਡ ਵਾਹਨਾਂ ਵਿਰੁੱਧ ਕਾਰਵਾਈ ਕੀਤੀ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਦੇ ਆਦੇਸ਼ਾਂ ’ਤੇ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਸਹੀ ਆਵਾਜਾਈ ਯਕੀਨੀ ਬਣਾਉਣ ਲਈ ਪੁਲੀਸ ਨੇ ਇਹ ਕਾਰਵਾਈ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਪੁਲੀਸ ਨੇ 52 ਵਾਹਨਾਂ ਦੇ ਚਲਾਨ ਕੱਟੇ। ਪੁਲੀਸ ਨੇ ਸ਼ਹਿਰ ਭਰ ਵਿੱਚ ਓਵਰਲੋਡ ਵਾਹਨਾਂ ਦੇ ਨਾਲ-ਨਾਲ ਨਿਰਧਾਰਤ ਲੰਬਾਈ-ਚੌੜਾਈ ਪਾਬੰਦੀਆਂ ਨੂੰ ਤੋੜਨ ਵਾਲੇ ਡਰਾਈਵਰਾਂ ਵਿਰੁੱਧ ਕਾਰਵਾਈ ਕੀਤੀ। ਇਸ ਮੁਹਿੰਮ ਦੌਰਾਨ ਮੋਟਰ ਵਾਹਨ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੁੱਲ 52 ਚਲਾਨ ਜਾਰੀ ਕੀਤੇ ਗਏ। ਇਸ ਵਿੱਚ ਟਰੱਕ ਅਤੇ ਹੋਰ ਵੱਡੇ ਵਾਹਨ ਸ਼ਾਮਲ ਹਨ। ਪੁਲੀਸ ਨੇ ਵਾਹਨਾਂ ਦੇ ਭਾਰ, ਲੰਬਾਈ ਅਤੇ ਚੌੜਾਈ ਦੀ ਜਾਂਚ ਕਰਨ ਤੋਂ ਬਾਅਦ ਕਾਰਵਾਈ ਕੀਤੀ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਓਵਰਲੋਡ ਅਤੇ ਵੱਧ ਚੌੜਾਈ ਵਾਲੇ ਵਾਹਨ ਦੂਜੇ ਸੜਕ ’ਤੇ ਚੱਲਣ ਵਾਲੇ ਲੋਕਾਂ ਲਈ ਗੰਭੀਰ ਖ਼ਤਰਾ ਪੈਦਾ ਕਰਦੇ ਹਨ ਅਤੇ ਸੜਕ ਦੇ ਬੁਨਿਆਦੀ ਢਾਂਚੇ ਨੂੰ ਕਾਫ਼ੀ ਨੁਕਸਾਨ ਪਹੁੰਚਾਉਂਦੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਅਜਿਹੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਅਪਣਾ ਰਹੀ। ਏ ਡੀ ਸੀ ਪੀ ਗੁਰਪ੍ਰੀਤ ਕੌਰ ਪੁਰੇਵਾਲ ਨੇ ਕਿਹਾ ਕਿ ਏ ਸੀ ਪੀ ਜਤਿਨ ਬਾਂਸਲ ਅਤੇ ਏ ਸੀ ਪੀ ਗੁਰਦੇਵ ਸਿੰਘ ਨੇ ਆਪਣੇ ਸਟਾਫ ਨਾਲ ਮਿਲ ਕੇ ਇਹ ਕਾਰਵਾਈ ਕੀਤੀ।

