ਲੁਧਿਆਣਾ ਦੇ ਗਲੀਆਂ-ਮੁਹੱਲਿਆਂ ਵਿੱਚ ਆਵਾਰਾ ਕੁੱਤਿਆਂ ਦੀ ਦਹਿਸ਼ਤ
ਸਤਵਿੰਦਰ ਬਸਰਾ
ਲੁਧਿਆਣਾ, 8 ਜੁਲਾਈ
ਸਮਾਰਟ ਸਿਟੀ ਲੁਧਿਆਣਾ ਦੇ ਗਲੀਆਂ-ਮੁਹੱਲਿਆਂ ਵਿੱਚ ਅਵਾਰਾ ਕੁੱਤਿਆਂ ਦੀ ਦਹਿਸ਼ਤ ਲਗਾਤਾਰ ਵਧਦੀ ਜਾ ਰਹੀ ਹੈ। ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸ਼ਾਇਦ ਹੀ ਕੋਈ ਗਲੀ, ਮੁਹੱਲਾ ਹੋਵੇਗਾ ਜਿੱਥੇ ਆਵਾਰਾ ਕੁੱਤੇ ਦਿਖਾਈ ਨਹੀਂ ਦਿੰਦੇ। ਹੋਰ ਤਾਂ ਹੋਰ ਹੁਣ ਅਜਿਹੇ ਆਵਾਰਾ ਕੁੱਤੇ ਕਈ ਵੱਡੇ ਕਾਲਜਾਂ ਅਤੇ ਸਕੂਲਾਂ ਵਿੱਚ ਵੀ ਘੁੰਮਦੇ ਆਮ ਦੇਖੇ ਜਾ ਸਕਦੇ ਹਨ।
ਪਿਛਲੇ ਕੁੱਝ ਮਹੀਨਿਆਂ ਤੋਂ ਆਵਾਰਾ ਕੁੱਤਿਆਂ ਵੱਲੋਂ ਆਮ ਲੋਕਾਂ ਕੀਤੇ ਜਾਂਦੇ ਹਮਲਿਆਂ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ। ਕੁੱਝ ਦਿਨ ਪ੍ਰਸ਼ਾਸਨ ਅਤੇ ਲੋਕਾਂ ਦਾ ਧਿਆਨ ਅਜਿਹੀਆਂ ਖਬਰਾਂ ਵੱਲ ਖਿੱਚਿਆ ਜਾਂਦਾ ਹੈ ਅਤੇ ਸਾਰੇ ਸੁਚੇਤ ਵੀ ਹੋ ਜਾਂਦੇ ਹਨ ਪਰ ਜਿਉਂ ਜਿਉਂ ਦਿਨ ਬੀਤਦੇ ਹਨ, ਲੋਕ ਇਹ ਸਭ ਕੁੱਝ ਭੁੱਲ ਕੇ ਦੁਬਾਰਾ ਆਮ ਵਰਗਾ ਜੀਵਨ ਜਿਊਣ ਲੱਗ ਪੈਂਦੇ ਹਨ। ਪਰ ਅਵਾਰਾ ਕੁੱਤਿਆਂ ਦੇ ਹਮਲਿਆਂ ਦਾ ਪੱਕਾ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦਿੰਦਾ। ਹਾਲਾਂ ਵੀ ਲੁਧਿਆਣਾ ਅਤੇ ਇਸ ਦੇ ਨਾਲ ਲੱਗਦੇ ਕਈ ਇਲਾਕਿਆਂ ਵਿੱਚ ਆਵਾਰਾ ਕੁੱਤਿਆਂ ਦੀ ਪੂਰੀ ਦਹਿਸ਼ਤ ਬਣੀ ਹੋਈ ਹੈ। ਇਹ ਕੁੱਤੇ ਝੁੰਡਾਂ ਦੇ ਰੂਪ ਵਿੱਚ ਦੋ ਪਹੀਆ ਵਾਹਨ ਚਾਲਕਾਂ ਜਾਂ ਪੈਦਲ ਜਾਣ ਵਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਕਈ ਵਾਰ ਇਨ੍ਹਾਂ ਕੁੱਤਿਆਂ ਦੇ ਵੱਢਣ ਤੋਂ ਡਰਦੇ ਦੋ ਪਹੀਆ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਹੁਣ ਤਾਂ ਗਲੀਆਂ, ਮੁਹੱਲਿਆਂ ਤੋਂ ਇਲਾਵਾ ਸ਼ਹਿਰ ਦੀਆਂ ਕਈ ਯੂਨੀਵਰਸਿਟੀਆਂ, ਕਾਲਜਾਂ ਅਤੇ ਵੱਡੇ ਸਰਕਾਰੀ ਸਕੂਲਾਂ ਵਿੱਚ ਵੀ ਅਜਿਹੇ ਆਵਾਰਾ ਕੁੱਤਿਆਂ ਦੀ ਭਰਮਾਰ ਹੋਣ ਲੱਗੀ ਹੈ। ਸ਼ਹਿਰ ਦੇ ਬਹੁਤੇ ਸਕੂਲਾਂ ਵਿੱਚ ਚੌਥਾ ਦਰਜਾ ਮੁਲਾਜ਼ਮਾਂ/ਚੌਕੀਦਾਰਾਂ ਦੀ ਕਮੀ ਹੋਣ ਕਰਕੇ ਅਜਿਹੇ ਕੁੱਤਿਆਂ ਨੂੰ ਰਹਿਣ ਲਈ ਥਾਂ ਦੇ ਦਿੱਤੀ ਜਾਂਦੀ ਹੈ ਜੋ ਹੌਲੀ-ਹੌਲੀ ਵਧਣੇ ਸ਼ੁਰੂ ਹੋ ਜਾਂਦੇ ਹਨ। ਜੇ ਅਜਿਹੇ ਅਵਾਰਾ ਕੁੱਤਿਆਂ ’ਤੇ ਸਮਾਂ ਰਹਿੰਦੇ ਕਾਬੂ ਨਾ ਪਾਇਆ ਗਿਆ ਤਾਂ ਇਹ ਵੱਡੇ ਹਾਦਸੇ ਦਾ ਕਾਰਨ ਵੀ ਬਣ ਸਕਦੇ ਹਨ।