ਆਵਾਰਾ ਕੁੱਤਿਆਂ ਨੇ ਪੰਜ ਸਾਲਾਂ ਬੱਚੇ ਨੂੰ ਨੋਚਿਆ
ਜੋਗਿੰਦਰ ਸਿੰਘ ਓਬਰਾਏਖੰਨਾ, 1 ਜੁਲਾਈ
ਇਥੋਂ ਦੇ ਨੇੜਲੇ ਪਿੰਡ ਇਕੋਲਾਹੀ ਵਿੱਚ ਆਵਾਰਾ ਕੁੱਤਿਆਂ ਦੇ ਝੁੰਡ ਨੇ ਪੰਜ ਸਾਲ ਦੇ ਮਾਸੂਮ ਬੱਚੇ ’ਤੇ ਹਮਲਾ ਕਰ ਦਿੱਤਾ ਜੋ ਆਪਣੇ ਪਿਤਾ ਨਾਲ ਖੇਤ ਗਿਆ ਹੋਇਆ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੱਚੇ ਦਾ ਪਿਤਾ ਖੇਤਾਂ ਵਿਚ ਘਾਹ ਕੱਟ ਰਿਹਾ ਸੀ ਜਦੋਂ ਉਸਦਾ ਪਿਤਾ ਕੁਝ ਸਮੇਂ ਲਈ ਦੂਰ ਗਿਆ ਤਾਂ ਉੱਥੇ ਪਹਿਲਾਂ ਤੋਂ ਘੁੰਮ ਰਹੇ ਅਵਾਰਾ ਕੁੱਤਿਆਂ ਨੇ ਬੱਚੇ ’ਤੇ ਹਮਲਾ ਕਰ ਦਿੱਤਾ। ਬੱਚੇ ਦੇ ਪਿਤਾ ਸ਼ਿਵਲ ਯਾਦਵ ਨੇ ਜਦੋਂ ਕੁੱਤਿਆਂ ਤੋਂ ਬੱਚੇ ਨੂੰ ਬਚਾਇਆ ਤਾਂ ਉਸ ਨੂੰ ਬੁਰੀ ਤਰ੍ਹਾਂ ਨੋਚਿਆ ਜਾ ਚੁੱਕਾ ਸੀ। ਬੱਚੇ ਦੀ ਗਰਦਨ, ਪੇਟ ਅਤੇ ਹੋਰ ਥਾਵਾਂ ਤੇ ਗੰਭੀਰ ਜਖ਼ਮ ਹਨ। ਪਰਿਵਾਰਕ ਮੈਬਰਾਂ ਨੇ ਤੁਰੰਤ ਬੱਚੇ ਨੂੰ ਸਿਵਲ ਹਸਪਤਾਲ ਖੰਨਾ ਪਹੁੰਚਾਇਆ, ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਮੁੱਢਲੀ ਸਹਾਇਤਾ ਉਪਰੰਤ ਪਟਿਆਲਾ ਰੈਫ਼ਰ ਕੀਤਾ ਗਿਆ। ਹਸਪਤਾਲ ਦੇ ਡਾਕਟਰ ਫਰੈਂਕੀ ਨੇ ਦੱਸਿਆ ਕਿ ਜਦੋਂ ਬੱਚੇ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸਦੀ ਹਾਲਤ ਨਾਜ਼ੁਕ ਸੀ ਅਤੇ ਸਰੀਰ ਤੇ ਕਈ ਡੂੰਘੇ ਜਖ਼ਮ ਹੋਣ ਕਾਰਨ ਖੂਨ ਵਹਿ ਰਿਹਾ ਸੀ। ਪਿੰਡ ਵਾਸੀਆਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਅਵਾਰਾ ਕੁੱਤਿਆਂ ਦੀ ਸਮੱਸਿਆ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀ ਘਟਨਾ ਨਾ ਵਾਪਰੇ।