ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਮੈਂਬਰ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਕਾਰਾਂ ਕਰਕੇ ਇਕ ਅੰਮ੍ਰਿਤਧਾਰੀ ਲੜਕੀ ਨੂੰ ਜੁਡੀਸ਼ਰੀ ਦੇ ਪੇਪਰ ਵਿੱਚ ਨਾ ਬੈਠਣ ਦੇਣ ਦੀ ਸਖ਼ਤ ਨਿਖੇਧੀ ਕੀਤੀ ਹੈ। ਇਥੇ ਮੀਡੀਆ ਨਾਲ ਗੱਲਬਾਤ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਵੱਡਾ ਯੋਗਦਾਨ ਪਾਉਣ ਤੇ ਵੱਧ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨਾਲ ਰੋਜ਼ਾਨਾ ਦੇਸ਼ ਅੰਦਰ ਜੋ ਹੋ ਰਿਹਾ ਹੈ ਉਹ ਮੰਦਭਾਗਾ ਹੈ। ਇਕ ਪਾਸੇ ਕੇਂਦਰ ਸਰਕਾਰ ਤੇ ਦੂਜੇ ਪਾਸੇ ਸੂਬਾ ਸਰਕਾਰ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਮਨਾਉਣ ਲਈ ਵੱਡੇ-ਵੱਡੇ ਪ੍ਰੋਗਰਾਮ ਉਲੀਕਣ ਸਣੇ ਹੋਰ ਵੱਡੇ ਦਾਅਵੇ ਕਰ ਰਹੀਆਂ ਹਨ ਤੇ ਦੂਜੇ ਪਾਸੇ ਸਿੱਖਾਂ ਨਾਲ ਵਿਤਕਰੇ ਤੇ ਸਿੱਖਾਂ ਦੀ ਹੋਂਦ ’ਤੇ ਹਮਲੇ ਦੀਆਂ ਖ਼ਬਰਾਂ ਆ ਰਹੀਆਂ ਹਨ।
ਸ੍ਰੀ ਗਰੇਵਾਲ ਨੇ ਕਿਹਾ ਕਿ ਹਾਲੇ ਕੱਲ੍ਹ ਹੀ ਹਰਿਆਣਾ ’ਚ ਨੀਟ ਦੀ ਪ੍ਰੀਖਿਆ ਦੌਰਾਨ ਇਕ ਸਿੱਖ ਬੱਚੇ ਨੂੰ ਕਕਾਰਾਂ ਕਰਕੇ ਬਾਹਰ ਰੱਖਿਆ ਗਿਆ ਤਾਂ ਇਸ ਦੇ ਚੌਵੀ ਘੰਟੇ ਅੰਦਰ ਹੀ ਜੈਪੁਰ ਵਿੱਚ ਇਕ ਹੋਰ ਅਜਿਹਾ ਮਾਮਲਾ ਸਾਹਮਣੇ ਆ ਗਿਆ। ਜੁਡੀਸ਼ਰੀ ਦਾ ਪੇਪਰ ਦੇਣ ਗਏ ਸਿੱਖ ਬੱਚਿਆਂ ਨਾਲ ਕਕਾਰਾਂ ਕਰਕੇ ਮਾੜਾ ਵਿਹਾਰ ਕੀਤਾ ਗਿਆ। ਇਥੋਂ ਤਕ ਕਿ ਗੁਰਪ੍ਰੀਤ ਕੌਰ ਨਾਂ ਦੀ ਅੰਮ੍ਰਿਤਧਾਰੀ ਲੜਕੀ ਨੂੰ ਇਨ੍ਹਾਂ ਕਕਾਰਾਂ ਕਰਕੇ ਪੇਪਰ ਵਿੱਚ ਬੈਠਣ ਹੀ ਨਹੀਂ ਦਿੱਤਾ ਗਿਆ ਜਿਸ ਕਰਕੇ ਉਸ ਦਾ ਪੇਪਰ ਰਹਿ ਗਿਆ। ਭਾਈ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਇਨਸਾਫ਼ ਲੈਣ ਲਈ ਕਾਨੂੰਨੀ ਲੜਾਈ ਲੜੀ ਜਾਵੇਗੀ।