ਇਥੇ ਲੁਧਿਆਣਾ-ਫਿਰੋਜ਼ਪੁਰ ਕੌਮੀ ਰਾਹ 95 ਸਥਿਤ ਚੌਕੀਮਾਨ ਟੌਲ ’ਤੇ ਬੀਤੇ ਕੱਲ੍ਹ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਕਿਸਾਨਾਂ ਨੇ ਧਰਨਾ ਦਿੰਤਾ ਤੇ ਦੋ ਘੰਟਿਆਂ ਲਈ ਟੌਲ ਪਰਚੀ ਮੁਕਤ ਕੀਤਾ। ਕਿਸਾਨਾਂ ਦੀ ਮੰਗ ਸੀ ਕਿ ਸਰਵਿਸ ਲੇਨ ਦੀ ਹਾਲਤ ਸੁਧਾਰ ਕੇ ਵੱਡੇ ਟੋਏ ਭਰੇ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਸੀ ਕਿ ਜੇਕਰ ਇਕ ਹਫ਼ਤੇ ਦੇ ਅੰਦਰ ਇਹ ਕੰਮ ਨਾ ਹੋਇਆ ਤਾਂ ਪੱਕਾ ਮੋਰਚਾ ਲਾ ਕੇ ਟੌਲ ਪਰਚੀ ਮੁਕਤ ਕੀਤਾ ਜਾਵੇਗਾ।
ਇਸ ਧਰਨੇ ਤੋਂ ਅਗਲੇ ਹੀ ਦਿਨ ਮੁੱਲਾਂਪੁਰ ਦਾਖਾ ਵਿੱਚੋਂ ਲੰਘਦੇ ਪੁਲ ਦੇ ਪਾਸਿਆਂ ’ਤੇ ਸਰਵਿਸ ਲੇਨ ਦੇ ਟੋਏ ਭਰਨ ਲਈ ਪੱਥਰਾਂ ਦੇ ਟਰੱਕ ਪਹੁੰਚ ਗਏ ਹਨ ਤੇ ਟੋਏ ਭਰਨ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਇਥੋਂ ਦੇ ਵਸਨੀਕਾਂ ਨੇ ਪਹਿਲਾਂ ਕਈ ਵਾਰ ਇਸ ਮੰਗ ਤਹਿਤ ਟੌਲ ਪ੍ਰਬੰਧਕਾਂ, ਪ੍ਰਸ਼ਾਸਨ ਤੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਸੀ। ਪਰ ਕਿਸੇ ਅਧਿਕਾਰੀ ਨੇ ਇਸ ਪਾਸੇ ਧਿਆਨ ਨਹੀਂ ਸੀ ਦਿੱਤਾ।
ਜਥੇਬੰਦੀ ਦੇ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਨੇ ਕਿਹਾ ਕਿ ਇਹ ਲੋਕਾਂ ਦੇ ਏਕੇ ਅਤੇ ਕਿਸਾਨਾਂ ਦੇ ਦਬਾਅ ਸਦਕਾ ਸੰਭਵ ਹੋਇਆ ਹੈ। ਸਰਵਿਸ ਲੇਨ ਵਿੱਚ ਭਰੇ ਮੀਂਹ ਦੇ ਪਾਣੀ ਕਰਕੇ ਨੇੜਲੀਆਂ ਦੁਕਾਨਾਂ ਵੀ ਦੋ ਤਿੰਨ ਦਿਨ ਬੰਦ ਰਹੀਆਂ। ਇਸੇ ਕਰਕੇ ਲੋਕਾਂ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪਿਆ। ਕਿਸਾਨਾਂ ਆਗੂਆਂ ਨੇ ਕਿਹਾ ਕਿ ਇਕੱਲਾ ਮੁੱਲਾਂਪੁਰ ਦਾਖਾ ਦੇ ਪੁਲ ਵਾਲੀ ਸਰਵਿਨ ਲੇਨ ਦੀ ਮੁਰੰਮਤ ਕਰਕੇ ਨਹੀਂ ਸਰਨਾ ਸਗੋਂ ਜਿੰਨੀ ਟੌਲ ਵਾਲੀ ਸੜਕ ਹੈ ਅਤੇ ਇਸ ’ਤੇ ਬਣੇ ਪੁਲਾਂ ਦੇ ਨਾਲ ਸਾਰੀਆਂ ਸਰਵਿਸ ਲੇਨ ਬਣਾਉਣੀਆਂ ਪੈਣਗੀਆਂ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਸੱਤ ਸਤੰਬਰ ਨੂੰ ਟੌਲ ’ਤੇ ਅਣਮਿਥੇ ਸਮੇਂ ਦਾ ਧਰਨਾ ਦੇਣ ਅਤੇ ਟੌਲ ਨੂੰ ਪਰਚੀ ਮੁਕਤ ਕਰਨ ਲਈ ਮਜਬੂਰ ਹੋਣਗੇ।