ਯੂਨਾਈਟਿਡ ਅਕਾਲੀ ਦਲ ਨੇ ਪੰਥ ਅਤੇ ਪੰਜਾਬ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਦੇ ਹੱਲ ਲਈ ਸੰਵਿਧਾਨਿਕ ਢੰਗ ਨਾਲ ਸ਼ਾਂਤਮਈ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਗੁਰੂ ਨਾਨਕ ਭਵਨ ਵਿੱਚ ਅੱਜ ਹੋਈ ਮੀਟਿੰਗ ਦੌਰਾਨ ਮਤਾ ਪਾਸ ਕਰਕੇ ਐਲਾਨ ਕੀਤਾ ਗਿਆ ਹੈ ਕਿ ਭਾਰਤੀ ਆਗੂਆਂ ਵੱਲੋਂ 1947 ਵਿੱਚ ਸਿੱਖਾਂ ਨਾਲ ਕੀਤੇ ਲਿਖਤੀ ਵਾਅਦਿਆਂ ਅਨੁਸਾਰ ਹੀ ਸ੍ਰੀ ਆਨੰਦਪੁਰ ਸਾਹਿਬ ਦਾ ਮਤਾ ਹੈ ਜਿਸ ਦੀ ਪ੍ਰਾਪਤੀ ਲਈ ਪਾਰਟੀ ਮਰਜੀਵੜਿਆਂ ਦੀ ਭਰਤੀ ਕਰਕੇ ਸੰਘਰਸ਼ ਹੋਰ ਤਿੱਖਾ ਕਰੇਗੀ।
ਮੀਟਿੰਗ ਵਿੱਚ ਪਾਸ ਕੀਤੇ ਮਤਿਆਂ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ 1982 ਤੋਂ ਸ਼ੁਰੂ ਹੋਇਆ ਧਰਮ ਯੁੱਧ ਮੋਰਚਾ ਜਿੱਤਿਆ ਹੀ ਨਹੀਂ ਗਿਆ, ਹਾਰਿਆ ਵੀ ਨਹੀਂ ਅਤੇ ਛੱਡਿਆ ਵੀ ਨਹੀਂ ਗਿਆ। ਪਾਰਟੀ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਪੰਜਾਬ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਕੰਮ ਕਰੇਗੀ। ਇੱਕ ਵੱਖਰੇ ਮਤੇ ਵਿੱਚ ਮੁਹਾਲੀ ਵਿੱਚ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਨੂੰ ਮਜ਼ਬੂਤ ਕਰਨ ਦਾ ਐਲਾਨ ਕਰਦਿਆਂ ਕਿਹਾ ਗਿਆ ਕਿ ਪਾਰਟੀ ਮੋਰਚੇ ਦੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਮੋਹਰੀ ਰੋਲ ਨਿਭਾਏਗੀ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀਆਂ ਰਿਹਾਈਆਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਅਤੇ ਬਹਿਬਲ ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਨੂੰ 24 ਘੰਟਿਆਂ ਵਿੱਚ ਸਜ਼ਾ ਦੇਣ ਦਾ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਪ੍ਰੰਤੂ ਹੁਣ ਉਹ ਦੋਸ਼ੀਆਂ ਨਾਲ ਮਿਲ ਗਏ ਹਨ।
ਮੀਟਿੰਗ ਵਿੱਚ ਇਹ ਵੀ ਕਿਹਾ ਗਿਆ ਕਿ ਲੈਂਡ ਪੂਲਿੰਗ ਨੀਤੀ ਨੇ ਪੰਜਾਬ ਵਿੱਚ 78 ਸਾਲਾਂ ਵਿੱਚ ਹੈਏ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਸਰਕਾਰ ਨੂੰ ਕਿਹਾ ਕਿ ਉਹ ਕਿਸਾਨਾਂ ਦੀਆਂ ਧਮਕੀਆਂ ਨੂੰ ਗੰਭੀਰਤਾ ਨਾਲ ਲੈਣ ਅਤੇ ਤੁਰੰਤ ਆਪਣੀ ਗਲਤੀ ਮੰਨ ਕੇ ਇਹ ਨੀਤੀ ਰੱਦ ਕਰਨ। ਪਾਰਟੀ ਨੇ ਮਾਨ ਸਰਕਾਰ ਵੱਲੋਂ ਰਾਜ ਨੂੰ ਪੁਲੀਸ ਰਾਜ ਵਿੱਚ ਬਦਲਣ ਅਤੇ ਗਰੀਬਾਂ ਅਤੇ ਦਲਿਤਾਂ ਪਾਰਟੀ ਆਗੂ ਅੰਗਰੇਜ਼ ਸਿੰਘ ਗੋਰਾ ਮੱਤਾ ਅਤੇ ਕੁਲਦੀਪ ਸਿੰਘ ਚੰਦਭਾਨ ਉੱਪਰ ਤਸ਼ੱਦਦ ਕਰਨ ਦੀ ਨਿੰਦਾ ਕਰਦਿਆਂ ਝੂਠੇ ਪੁਲੀਸ ਮੁਕਾਬਲਿਆਂ ਦਾ ਸਖ਼ਤ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਹੈ।
ਪਾਰਟੀ ਨੇ ਐਲਾਨ ਕੀਤਾ ਕਿ ਉਹ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਮੰਨਦੇ ਹਨ ਅਤੇ ਉਸ ਦੇ ਹਰ ਹੁਕਮ ਦੀ ਪਾਲਣਾ ਕਰਨਗੇ।
ਅਹੁਦੇਦਾਰਾਂ ਦੀ ਚੋਣ ਕੀਤੀ
ਪਾਰਟੀ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਇਸ ਮੌਕੇ ਗੁਰਨਾਮ ਸਿੰਘ ਸਿੱਧੂ ਨੂੰ ਸਰਪ੍ਰਸਤ, ਬੂਟਾ ਸਿੰਘ ਰਣਸੀਂਹ ਨੂੰ ਕਾਰਜਕਾਰੀ ਪ੍ਰਧਾਨ, ਜਤਿੰਦਰ ਸਿੰਘ ਈਸੜੂ ਨੂੰ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ। ਇਸਤੋਂ ਇਲਾਵਾ ਬਹਾਦਰ ਸਿੰਘ ਰਾਹੋਂ, ਸਰਬਜੀਤ ਸਿੰਘ ਅਲਾਲ, ਡਾ: ਅਨਵਰ ਅਹਿਮਦ, ਤਰੁਣ ਜੈਨ ਬਾਵਾ, ਜਸਵਿੰਦਰ ਸਿੰਘ ਘੋਲੀਆ ਨੂੰ ਸੀਨੀਅਰ ਮੀਤ ਪ੍ਰਧਾਨ, ਆਤਮਾ ਸਿੰਘ ਵੱਡਾ ਘਰ, ਗੁਰਸੇਵਕ ਸਿੰਘ ਧੂਰਕੋਟ, ਅਜੀਜ ਅਹਿਮਦ ਮਾਲੇਰਕੋਟਲਾ, ਸਤਵੰਤ ਸਿੰਘ ਮਾਣਕ ਨੂੰ ਮੀਤ ਪ੍ਰਧਾਨ, ਅਮਨਦੀਪ ਸਿੰਘ ਜਲੰਧਰ, ਲਖਵੀਰ ਸਿੰਘ ਢਾਡੀ, ਗੁਰਪ੍ਰੀਤ ਸਿੰਘ ਚਹਿਲ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ ਹੈ।