ਸਾਹਿਤ ਸਿਰਜਣ ਤੇ ਕਵਿਤਾ ਗਾਇਨ ਦੇ ਰਾਜ ਪੱਧਰੀ ਮੁਕਾਬਲੇ
ਬੱਚਿਆਂ ਨੂੰ ਸਾਹਿਤ, ਕਲਾ ਤੇ ਸੱਭਿਆਚਾਰ ਨਾਲ ਜੋੜਨ ਲਈ ਅਜਿਹੇ ਉਪਰਾਲੇ ਦੀ ਲੋੜ: ਜ਼ਫ਼ਰ
ਭਾਸ਼ਾ ਵਿਭਾਗ ਪੰਜਾਬ ਵੱਲੋਂ ਸਥਾਨਕ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵਿਮੈਨ ਵਿਖੇ ਸਕੂਲੀ ਬੱਚਿਆਂ ਦੇ ਰਾਜ ਪੱਧਰੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ ਜਿੱਥੇ ਸਾਰੇ ਵਰਗਾਂ ਵਿੱਚ ਕੁੜੀਆਂ ਨੇ ਬਾਜੀ ਮਾਰੀ। ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਹੇਠ ਕਰਵਾਏ ਗਏ। ਇਸ ਸਮਾਗਮ ਦੌਰਾਨ ਸ਼੍ਰੋਮਣੀ ਬਾਲ ਸਾਹਿਤਕਾਰ ਕਮਲਜੀਤ ਨੀਲੋਂ ਮੁੱਖ ਮਹਿਮਾਨ ਵਜੋਂ ਪੁੱਜੇ। ਆਪਣੇ ਸਵਾਗਤੀ ਭਾਸ਼ਣ ਵਿੱਚ ਜ਼ਫ਼ਰ ਨੇ ਕਿਹਾ ਕਿ ਬੱਚਿਆਂ ਨੂੰ ਸਾਹਿਤ, ਕਲਾ ਤੇ ਸੱਭਿਆਚਾਰ ਨਾਲ ਜੋੜਨ ਲਈ ਅਜਿਹੇ ਮੁਕਾਬਲੇ ਸਮੇਂ ਦੀ ਲੋੜ ਹਨ
ਕਮਲਜੀਤ ਨੀਲੋਂ ਨੇ ਕਵਿਤਾ ਗਾਇਨ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨਾਲ ਮਿਲਕੇ ਆਪਣੇ ਚਰਚਿਤ ਬਾਲ ਗੀਤ ‘ਸੌਂ ਜਾ ਬੱਬੂਆ’, ‘ਝਾਵਾਂ’, ‘ਘੂੁਰ ਨਾ ਵੇ ਬਾਬਲਾ’ ਤੇ ‘ਦਾਦੀ-ਪੋਤੀ’ ਦੇ ਸੰਵਾਦ ਦਾ ਗਾਇਨ ਕਰਕੇ ਮਾਹੌਲ ਨੂੰ ਸੰਗੀਤਕ ਰੰਗਤ ਦਿੱਤੀ। ਉਨ੍ਹਾਂ ਬੱਚਿਆਂ ਨੂੰ ਅਜਿਹੀਆਂ ਸਰਗਰਮੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ ਡਾ. ਸੰਦੀਪ ਸ਼ਰਮਾ ਨੇ ਧੰਨਵਾਦ ਕੀਤਾ। ਇਸ ਮੌਕੇ ਡਾ. ਸਤਵਿੰਦਰ ਸਿੰਘ ਚੀਮਾ ਦੀ ਪੁਸਤਕ ‘ਸਮਕਾਲੀ ਭਾਰਤ ਵਿੱਚ ਸਿੱਖਿਆ’ ਰਿਲੀਜ਼ ਕੀਤੀ ਗਈ। ਸਮਾਗਮ ਦੀ ਸਫਲਤਾ ’ਚ ਮੇਜ਼ਬਾਨ ਡਾਇਰੈਕਟਰ ਖ਼ਾਲਸਾ ਇੰਸਟੀਚਿਊਟ ਡਾ. ਮੁਕਤੀ ਗਿੱਲ ਤੇ ਪ੍ਰਿੰਸੀਪਲ ਤ੍ਰਿਪਤਾ ਨੇ ਅਹਿਮ ਯੋਗਦਾਨ ਪਾਇਆ। ਜ਼ਿਲ੍ਹਾ ਕੋਆਰਡੀਨੇਟਰ ਸਿੱਖਿਆ ਵਿਭਾਗ ਸੁਪਰਜੀਤ ਕੌਰ, ਡਾ. ਜੈ ਪ੍ਰਕਾਸ਼ ਬਤਰਾ, ਡਾ. ਨੀਰਜ ਕੁਮਾਰ, ਡਾ. ਜਸਬੀਰ ਕੌਰ, ਗੁਰਿੰਦਰ ਗੈਰੀ, ਡਾ. ਬਲਵੀਰ ਕੌਰ ਪੰਧੇਰ, ਡਾ. ਸੁਖਦਰਸ਼ਨ ਸਿੰਘ ਚਹਿਲ, ਅਮਲਤਾਸ ਤੇ ਵੱਡੀ ਗਿਣਤੀ ਵਿੱਚ ਸਰੋਤੇ ਵੀ ਹਾਜ਼ਰ ਸਨ। ਰਵਨੀਤ ਕੌਰ ਨੇ ਮੰਚ ਸੰਚਾਲਨ ਕੀਤਾ। ਕਵਿਤਾ ਗਾਇਨ ਵਿੱਚ ਲੁਧਿਆਣਾ ਦੀ ਹਰਸ਼ੀਨ ਕੌਰ ਨੇ, ਕਵਿਤਾ ਲਿਖਣ ’ਚ ਸ਼ਹੀਦ ਭਗਤ ਸਿੰਘ ਨਗਰ ਦੀ ਅੰਸ਼ਿਕਾ ਪੁੰਨ, ਕਹਾਣੀ ਲਿਖਣ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੀ ਹਰਨੂਰ ਕੌਰ, ਲੇਖ ਲਿਖਣ ’ਚ ਬਠਿੰਡਾ ਦੀ ਨਵਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇੰਨਾਂ ਮੁਕਾਬਲਿਆਂ ਦੌਰਾਨ ਜੱਜ ਦੀ ਭੂਮਿਕਾ ਸ਼ਾਇਰ ਤ੍ਰੈਲੋਚਨ ਲੋਚੀ, ਦਮਨਦੀਪ ਕੌਰ ਤੇ ਰਣਧੀਰ ਕੰਵਲ, ਪਰਮਜੀਤ ਸੋਹਲ, ਗੁਰਚਰਨ ਕੌਰ ਕੋਚਰ, ਡਾ. ਵੰਦਨਾ ਸ਼ਾਹੀ, ਡਾ. ਰਮਨ ਸ਼ਰਮਾ, ਸੰਦੀਪ ਕੌਰ ਸੇਖੋਂ ਅਤੇ ਡਾ. ਸੀਮਾ ਨੇ ਨਿਭਾਈ। ਜੇਤੂਆਂ ਨੂੰ ਨਕਦ ਇਨਾਮ ਦਿੱਤੇ ਗਏ।

