ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਤੋਂ ਮੁਨਕਰ ਹੋਈ ਸੂਬਾ ਸਰਕਾਰ: ਡੀਟੀਐਫ
ਅੱਜ ਤੋਂ ਡੀਸੀ ਰਾਹੀਂ ਮੁੱਖ ਮੰਤਰੀ ਨੂੰ ਭੇਜੇ ਜਾਣਗੇ ਰੋਸ ਪੱਤਰ
ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਰਮਨਜੀਤ ਸਿੰਘ ਸੰਧੂ ਅਤੇ ਜਨਰਲ ਸਕੱਤਰ ਰੁਪਿੰਦਰ ਪਾਲ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਪਿਛਲੇ ਲੰਬੇ ਸਮੇਂ ਤੋ ਮੁਲਾਜਮਾਂ ਦੀਆਂ ਵਿੱਤੀ ਮੰਗਾ ਤੋ ਲਗਪਗ ਮੁਨਕਰ ਹੋ ਚੁੱਕੀ ਹੈ। ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ 16 ਫੀਸਦ ਡੀਏ ਰੋਕ ਕੇ ਬੈਠੀ ਹੋਈ ਹੈ। ਇਸ ਦੇ ਨਾਲ ਹੀ ਪੇਂਡੂ ਭੱਤਾ, ਬਾਰਡਰ ਏਰੀਆ ਭੱਤਾ ਅਤੇ ਏਸੀਪੀ ਲਾਗੂ ਕਰਨ, ਨਵੇਂ ਭਰਤੀ ਮੁਲਾਜ਼ਮਾਂ ’ਤੇ ਲਾਗੂ ਕੇਂਦਰੀ ਸਕੇਲਾਂ ਦੀ ਥਾਂ 6ਵਾਂ ਪੰਜਾਬ ਪੇਅ ਕਮਿਸ਼ਨ ਲਾਗੂ ਕਰਨ ਅਤੇ ਐਨਪੀਐਸ ਰੱਦ ਕਰਕੇ ਓਪੀਐਸ ਲਾਗੂ ਕਰਨ ਲਈ ਕਿਸੇ ਤਰ੍ਹਾਂ ਦੀ ਸੰਜਦਗੀ ਨਹੀਂ ਦਿਖਾ ਰਹੀ ਸਗੋਂ ਹੜਾਂ ਦੇ ਨਾਮ ਉਪਰ ਮੁਲਾਜ਼ਮਾਂ ਦੀਆਂ ਤਨਖ਼ਾਆਂ ਵਿਚੋਂ ਕੱਟ ਲਗਾਉਣ ਦੇ ਫ਼ਰਮਾਨ ਜਾਰੀ ਕੀਤੇ ਜਾ ਰਹੇ ਹਨ। ਅਧਿਆਪਕਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ । ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਪੈਂਡਿੰਗ ਡੀ.ਏ. ਰਿਲੀਜ਼ ਕਰਵਾਉਣ ਸਮੇਤ ਅਧਿਆਪਕਾਂ ਦੀਆਂ ਸਮੁੱਚੀਆਂ ਵਿੱਤੀ ਮੰਗਾਂ ਨਾ ਪੂਰੀਆਂ ਕਰਨ ਦੇ ਰੋਸ ਵਜੋਂ 13 ਅਕਤੂਬਰ ਤੋਂ 15 ਅਕਤੂਬਰ ਤੱਕ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਦੇ ਨਾਂ ਰੋਸ ਪੱਤਰ ਪੱਤਰ ਭੇਜੇ ਜਾਣਗੇ। ਡੀ.ਟੀ.ਐਫ ਪੰਜਾਬ ਜ਼ਿਲ੍ਹਾ ਲੁਧਿਆਣਾ ਵੱਲੋਂ ਅਕਤੂਬਰ 16 ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਰੋਸ ਪੱਤਰ ਭੇਜਿਆ ਜਾਵੇਗਾ। ਇਸ ਸਮੇਂ ਬਲਵੀਰ ਸਿੰਘ ਬਾਸੀਆਂ, ਅਵਤਾਰ ਸਿੰਘ ਖ਼ਾਲਸਾ, ਜਸਵਿੰਦਰ ਸਿੰਘ ਐਤੀਆਣਾ, ਪਰਮਿੰਦਰ ਸਿੰਘ ਮਲੌਦ, ਰਜਿੰਦਰ ਜੰਡਿਆਲੀ, ਮਨਪ੍ਰੀਤ ਸਿੰਘ, ਸੰਦੀਪ ਪਾਂਡੇ, ਅੰਮ੍ਰਿਤਪਾਲ ਸਿੰਘ, ਅਮਨਦੀਪ ਵਰਮਾ, ਜੰਗਪਾਲ ਸਿੰਘ ਰਾਏਕੋਟ, ਪ੍ਰਭਜੋਤ ਸਿੰਘ ਤਲਵੰਡੀ, ਰਕੇਸ਼ ਪੁਹੀੜ ਆਗੂ ਹਾਜ਼ਰ ਸਨ।