ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੀ ਸੂਬਾ ਕਮੇਟੀ ਦੀ ਮੀਟਿੰਗ
ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਕਨਵੀਨਰ ਅਤਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਸਥਾਨਕ ਈਸੜੂ ਭਵਨ ਵਿੱਚ ਸੂਬਾ ਕਮੇਟੀ ਦੀ ਮੀਟਿੰਗ ਕੀਤੀ ਗਈ। ਇਸ ਵਿੱਚ ਪੁਰਾਣੀ ਪੈਨਸ਼ਨ ਪ੍ਰਤੀ ਸਰਕਾਰ ਦੇ ਨਕਾਰਾਤਮਕ ਰਵੱਈਏ, ਪੈਨਸ਼ਨ ਦੇ ਦੇਸ਼ ਵਿਆਪੀ ਸੰਘਰਸ਼ ਦੀ ਸਥਿਤੀ, ਸੂਬੇ ਵਿੱਚ ਪੈਨਸ਼ਨ ਲਈ ਮੁਲਾਜ਼ਮਾਂ ਦੇ ਸਾਂਝੇ ਸੰਘਰਸ਼ ਅੱਗੇ ਦਰਪੇਸ਼ ਮੁਸ਼ਕਲਾਂ, ਸੰਭਾਵਨਾਵਾਂ ਅਤੇ ਸਾਂਝਾ ਸੰਘਰਸ਼ ਉਸਾਰਨ ਲਈ ਫਰੰਟ ਵੱਲੋਂ ਜਾਰੀ ਯਤਨਾਂ ’ਤੇ ਚਰਚਾ ਕੀਤੀ ਗਈ।
ਇਸ ਮੌਕੇ ਮੌਜੂਦਾ ਵਰ੍ਹੇ ਵਿੱਚ ਕੀਤੀਆਂ ਸਰਗਰਮੀਆਂ ਦੀ ਰਿਪੋਰਟ ਮਾਝਾ ਜ਼ੋਨ ਦੇ ਕਨਵੀਨਰ ਗੁਰਬਿੰਦਰ ਸਿੰਘ ਖਹਿਰਾ ਵੱਲੋਂ ਪੇਸ਼ ਕੀਤੀ ਗਈ ਅਤੇ ਹਾਜ਼ਰ ਸਾਥੀਆਂ ਵੱਲੋਂ ਰੀਵਿਊ ਕੀਤਾ ਗਿਆ। ਜ਼ੋਨ ਕਨਵੀਨਰਾਂ ਇੰਦਰ ਸੁਖਦੀਪ ਸਿੰਘ ਓਢਰਾ, ਦਲਜੀਤ ਸਫ਼ੀਪੁਰ ਅਤੇ ਜਸਵੀਰ ਸਿੰਘ ਭੰਮਾ ਨੇ ਕਿਹਾ ਕਿ ਪਿਛਲੇ ਸਾਲ ਅਕਤੂਬਰ ਵਿੱਚ ਫਰੰਟ ਵੱਲੋਂ ਲਾਏ ਤਿੰਨ ਰੋਜ਼ਾ ਸੰਗਰੂਰ ਪੈਨਸ਼ਨ ਮੋਰਚੇ ਵਿੱਚ ਯੂਪੀਐੱਸ ਦੇ ਖਰੜੇ ਨੂੰ ਰੱਦ ਕਰਨ ਦੀ ਲਗਾਤਾਰਤਾ ਵਿੱਚ, ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਪੀਐੱਫਆਰਡੀਏ (ਯੂਪੀਐੱਸ) ਰੈਗੂਲੇਸ਼ਨ ਮਾਰਚ 2025 ਦੇ ਨੋਟੀਫਿਕੇਸ਼ਨ ਨੂੰ ਸੂਬਾ ਕਮੇਟੀ ਵੱਲੋਂ ਮੁਕੰਮਲ ਤੌਰ ’ਤੇ ਰੱਦ ਕੀਤਾ ਗਿਆ ਅਤੇ ਯੂਪੀਐੱਸ ਲਾਗੂ ਕਰਨ ਦੀ ਬਿਆਨਬਾਜ਼ੀ ਕਰ ਰਹੀ ਪੰਜਾਬ ਕੈਬਨਿਟ ਸਬ-ਕਮੇਟੀ ਦੀ ਨਿਖੇਧੀ ਕੀਤੀ ਗਈ।
ਮੀਟਿੰਗ ਵਿੱਚ ਲਏ ਫ਼ੈਸਲਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਤਪਾਲ ਸਮਾਣਵੀ, ਜਸਵਿੰਦਰ ਔਜਲਾ ਅਤੇ ਰਮਨ ਸਿੰਗਲਾ ਨੇ ਕਿਹਾ ਕਿ ਸੰਘਰਸ਼ ਨੂੰ ਜ਼ਰਬਾਂ ਦੇਣ ਲਈ ਜ਼ਿਲ੍ਹਾ ਇਕਾਈਆਂ ਦੀਆਂ ਭਰਵੀਆਂ ਮੀਟਿੰਗਾਂ ਅਤੇ ਪੁਨਰਗਠਨ ਕਰਨ ਉਪਰੰਤ 1 ਤੋਂ 15 ਅਕਤੂਬਰ ਤੱਕ ਜ਼ਿਲ੍ਹਾ ਪੱਧਰੀ ਕਨਵੈਨਸ਼ਨਾਂ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਸ਼ਹਿਰਾਂ ਵਿੱਚ ਰੋਸ ਮਾਰਚ ਕੀਤਾ ਜਾਵੇਗਾ। ਐੱਨਐੱਮਓਪੀਐੱਸ ਵੱਲੋਂ 25 ਨਵੰਬਰ ਨੂੰ ਦਿੱਲੀ ਵਿੱਚ ਕੀਤੀ ਜਾਣ ਵਾਲੀ ਦੇਸ਼ ਪੱਧਰੀ ਰੈਲੀ ਦਾ ਸਮਰਥਨ ਕਰਦਿਆਂ ਰੈਲੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਵੱਲੋਂ 28 ਸਤੰਬਰ ਨੂੰ ਸੰਗਰੂਰ ਵਿੱਚ ਕੀਤੀ ਜਾ ਰਹੀ ਰੈਲੀ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਸ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਮਹਿੰਦਰ ਕੌੜਿਆਂਵਾਲੀ, ਡੀਐੱਮਐੱਫ ਦੇ ਜਨਰਲ ਸਕੱਤਰ ਹਰਦੀਪ ਟੋਡਰਪੁਰ ਸਣੇ ਰੁਪਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ, ਕੰਵਰਦੀਪ ਸਿੰਘ ਢਿੱਲੋਂ, ਅਮਰਜੀਤ ਸਿੰਘ, ਜਗਦੀਸ਼ ਸੱਪਾਂਵਾਲੀ, ਮਨਜੀਤ ਸਿੰਘ ਦਸੂਹਾ, ਅੰਮ੍ਰਿਤਪਾਲ ਸਿੰਘ ਮਾਨ, ਗੁਰਬਾਜ਼ ਸਿੰਘ, ਪੁਨੀਤ ਗੋਇਲ, ਗੁਰਮੁੱਖ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜ਼ਰ ਰਹੇ।