ਸਪੋਰਟਸ ਕਲੱਬ ਕੰਗਣਵਾਲ ਵੱਲੋਂ ਖੇਡ ਮੇਲਾ ਰੱਦ
ਸਪੋਰਟਸ ਕਲੱਬ ਕੰਗਣਵਾਲ ਵੱਲੋਂ ਨਵੇਕਲੀ ਪਹਿਲ ਕਰਦਿਆਂ 2026 ਜਨਵਰੀ ਮਹੀਨੇ ਵਿੱਚ ਹੋਣ ਵਾਲਾ ਪੇਂਡੂ ਖੇਡ ਮੇਲਾ ਰੱਦ ਕਰ ਦਿੱਤਾ ਗਿਆ ਕਲੱਬ ਵੱਲੋਂ ਫੰਡ ਇਕੱਠਾ ਕਰਨਾ ਸ਼ੁਰੂ ਕਰ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਮਦਦ ਕਰਨ ਦਾ ਐਲਾਨ ਕੀਤਾ। ਸਪੋਰਟਸ ਕਲੱਬ ਕੰਗਣਵਾਲ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਰੁਪਿੰਦਰ ਸਿੰਘ (ਪਿੰਦੂ) ਨੇ ਦੱਸਿਆ ਕਿ ਕਾਰਜਕਾਰੀ ਕਮੇਟੀ ਦੇ ਸਮੂਹ ਮੈਂਬਰਾਂ, ਐਨਆਰਆਈ ਅਤੇ ਸਮਾਜ ਸੇਵੀਆਂ ਵੱਲੋਂ ਸਾਂਝੇ ਤੌਰ ’ਤੇ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਇਸ ਵਾਰ ਜਨਵਰੀ ਵਿੱਚ ਪੇਂਡੂ ਖੇਡ ਮੇਲਾ 2026 ਨਾ ਕਰਵਾਇਆ ਜਾਵੇ ਕਿ ਜਿਹੜੇ ਫੰਡ ਖੇਡ ਮੇਲੇ ਲਈ ਲੱਖਾਂ ਵਿੱਚ ਇਕੱਠੇ ਕੀਤੇ ਜਾਣੇ ਸੀ ਉਹ ਹੁਣ ਹੜ੍ਹਾਂ ਤੋਂ ਪ੍ਰਭਾਵਿਤ ਇਲਾਕੇ ਵਿੱਚ ਲੋਕਾਂ ਦੀ ਮਦਦ ਲਈ ਵਰਤੇ ਜਾਣਗੇ।
ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਵਾਂਗ ਹੀ ਪਿੰਡ ਵਿੱਚੋਂ ਫੰਡ ਇਕੱਠਾ ਕੀਤਾ ਜਾਵੇਗਾ ਅਤੇ ਸ਼ੁਰੂ ਵੀ ਕਰ ਦਿੱਤਾ ਗਿਆ ਹੈ ਕਿਸਾਨਾਂ ਦੇ ਖੇਤਾਂ ਵਿੱਚੋਂ ਪਾਣੀ ਘਟਣ ਤੋਂ ਬਾਅਦ ਖੇਤਾਂ ਵਿਚਲੀ ਗਾਰ ਨੂੰ ਕੁਰਾਹ ਲਗਾ ਕੇ ਹਟਾਇਆ ਜਾਵੇਗਾ ਅਤੇ ਖੇਤਾਂ ਨੂੰ ਪੱਧਰਾ ਕੀਤਾ ਜਾਵੇਗਾ ਅਤੇ ਹੜਾਂ ਤੋਂ ਪ੍ਰਭਾਵਿਤ ਕਿਸਾਨਾਂ ਦੇ ਖੇਤਾਂ ਵਿੱਚ ਕਣਕ ਦੀ ਫਸਲ ਦੀ ਬਿਜਾਈ ਵੀ ਆਪਣੇ ਟਰੈਕਟਰ ਲਿਜਾ ਕੇ ਕਰਨਗੇ । ਕਣਕ ਦੀ ਬਜਾਈ ਨੇਪਰੇ ਚਾੜ੍ਹਨ ਤੱਕ ਇਹ ਮੱਦਦ ਲੋਕਾਂ ਲਈ ਜਾਰੀ ਰਹੇਗੀ । ਉਨਾਂ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇੱਕ ਸਾਲ ਲਈ ਖੇਡ ਮੇਲਿਆਂ ਅਤੇ ਹੋਰ ਪ੍ਰੋਗਰਾਮਾਂ ਨੂੰ ਰੱਦ ਕਰਨ ਅਤੇ ਉਨ੍ਹਾਂ ’ਤੇ ਹੋਣ ਵਾਲਾ ਸਾਰਾ ਖਰਚਾ ਹੜਾਂ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਮਦਦ ਲਈ ਅੱਗੇ ਆਉਣ।