ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ, ਲੁਧਿਆਣਾ ਦੀ ਐੱਨ ਐੱਸ ਐੱਸ ਯੂਨਿਟ ਨੇ ‘ਵਿਕਸਤ ਭਾਰਤ ਅਤੇ ਨਸ਼ਾ ਮੁਕਤ ਸਮਾਜ’ ਵਿਸ਼ੇ ਤਹਿਤਸੱਤ ਰੋਜ਼ਾ ਵਿਸ਼ੇਸ਼ ਐੱਨ ਐੱਸ ਐੱਸ ਕੈਂਪ ਲਾਇਆ। ਇਹ ਕੈਂਪ ਸੈਂਟਰ ਦੇ ਡਾਇਰੈਕਟਰ ਪ੍ਰੋਫੈਸਰ (ਡਾ.) ਆਸ਼ੀਸ਼ ਵਿਰਕ ਦੀ ਅਗਵਾਈ ਹੇਠ ਲਾਇਆ ਗਿਆ।
ਉਦਘਾਟਨੀ ਸਮਾਰੋਹ ਵਿੱਚ ਗੋਬਿੰਦਗੜ੍ਹ ਪਬਲਿਕ ਕਾਲਜ ਖੰਨਾ ਦੀ ਪ੍ਰਿੰਸੀਪਲ ਡਾ. ਨੀਨਾ ਸੇਠ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਐੱਨ ਐੱਸ ਐੱਸ ਦੇ ਮਾਟੋ ‘ਮੈਂ ਨਹੀਂ, ਪਰ ਤੁਸੀਂ’ ’ਤੇ ਅਧਾਰਿਤ ਆਪਣੇ ਭਾਸ਼ਣ ਨਾਲ ਵਾਲੰਟੀਅਰਾਂ ਨੂੰ ਪ੍ਰੇਰਿਤ ਕੀਤਾ। ਸਮਾਗਮ ਤੋਂ ਬਾਅਦ ਸਵੱਛ ਭਾਰਤ ਅਭਿਆਨ ਤਹਿਤ ਕੈਂਪਸ ਅਤੇ ਰੱਖ ਬਾਗ ਵਿੱਚ ਸਫਾਈ ਮੁਹਿੰਮ ਚਲਾਈ ਗਈ। ਹਫ਼ਤੇ ਭਰ ਚੱਲੇ ਕੈਂਪ ਦੌਰਾਨ, ਵਲੰਟੀਅਰਾਂ ਨੇ ਵੱਖ-ਵੱਖ ਵਿਦਿਅਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਇਸ ਦੌਰਾਨ ਡਾ. ਗੀਤਾਂਜਲੀ ਪਾਬਰੇਜਾ ਵੱਲੋਂ ‘ਐੱਨ ਐੱਸ ਐੱਸ - ਇੱਕ ਪਰਿਵਰਤਨਸ਼ੀਲ ਯਾਤਰਾ’, ਡਾ. ਇਰਾਦੀਪ ਕੌਰ ਵੱਲੋਂ ‘ਸਮੱਸਿਆ ਹੱਲ ਅਤੇ ਰਚਨਾਤਮਕਤਾ’ ਡਾ. ਸੁਨੀਤ ਅਰੋੜਾ ਵੱਲੋਂ ‘ਸੰਪੂਰਨ ਸਿਹਤ’ ਵਿਸ਼ੇ ’ਤੇ ਭਾਸ਼ਣ ਦਿੱਤੇ ਗਏ। ਕੈਂਪ ਵਿੱਚ ਨਸ਼ਾ ਮੁਕਤ ਸਮਾਜ, ਸਿਹਤ ਜਾਗਰੂਕਤਾ ਅਤੇ ਟ੍ਰੈਫਿਕ ਨਿਯਮਾਂ ਵਰਗੇ ਵਿਸ਼ਿਆਂ ’ਤੇ ਪੋਸਟਰ-ਮੇਕਿੰਗ ਅਤੇ ਸਲੋਗਨ-ਲਿਖਣ ਮੁਕਾਬਲੇ ਵੀ ਕਰਵਾਏ ਗਏ। ਕੈਂਪ ਦੇ ਆਖਰੀ ਦਿਨ ‘ਵਿਕਸਤ ਭਾਰਤ ਅਤੇ ਨਸ਼ਾ ਮੁਕਤ ਸਮਾਜ’ ਵਿਸ਼ੇ ’ਤੇ ਚਰਚਾ ਕੀਤੀ ਗਈ। ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਡਾ. ਮੁਕੇਸ਼ ਕੁਮਾਰ ਅਰੋੜਾ ਸਨ। ਪ੍ਰੋ. (ਡਾ.) ਅਮਨ ਅੰਮ੍ਰਿਤ ਚੀਮਾ ਨੇ ਐੱਨ ਐੱਸ ਐੱਸ ਟੀਮ ਦੇ ਅਨੁਸ਼ਾਸਨ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਸਰਵੋਤਮ ਵਾਲੰਟੀਅਰ (ਪੁਰਸ਼) ਪੁਰਸਕਾਰ ਵਿਦਿਆਰਥੀ ਜੀਸਸ ਗੋਇਲ ਅਤੇ ਸਰਵੋਤਮ ਵਾਲੰਟੀਅਰ (ਮਹਿਲਾ) ਪੁਰਸਕਾਰ ਨੰਦਿਨੀ ਗੁਪਤਾ ਨੂੰ ਦਿੱਤਾ ਗਿਆ।

