ਸਿਪਾਹੀ ਬਲਜੀਤ ਸਿੰਘ ਦੀ ਮੌਤ ਬਾਰੇ ਨਵਾਂ ਖ਼ੁਲਾਸਾ; ਦਿਲ ਦਾ ਦੌਰਾ ਨਹੀਂ, ਖੁਦਕੁਸ਼ੀ ਹੈ ਮੌਤ ਦਾ ਕਾਰਨ !
ਸਿਪਾਹੀ ਦਾ ਹੱਥ ਲਿਖਤ ‘ਖੁਦਕੁਸ਼ੀ ਨੋਟ’ ਹੋਇਆ ਬਰਾਮਦ
ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦੀ ਸੁਰੱਖਿਆ ਲਈ ਤਾਇਨਾਤ ਦਸਤੇ ਦੇ ਸਿਪਾਹੀ ਬਲਜੀਤ ਸਿੰਘ ‘ਬੰਬ’ ਦੀ ਮੌਤ ਬਾਰੇ ਨਵਾਂ ਖ਼ੁਲਾਸਾ ਸਾਹਮਣੇ ਆਇਆ ਹੈ। ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਨਹੀਂ ਸਗੋਂ ਡਿਊਟੀ ਸਮੇਂ ਖ਼ੁਦਕੁਸ਼ੀ ਕਾਰਨ ਹੋਈ ਹੈ।
ਮ੍ਰਿਤਕ ਬਲਜੀਤ ਸਿੰਘ ਦਾ ਹੱਥ ਲਿਖਤ ਨੋਟ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਕਾਰਵਾਈ ਕਰਨ ਲਈ ਜ਼ੋਰ ਪਾਇਆ ਤਾਂ ਮਾਤਾ ਚਰਨਜੀਤ ਕੌਰ ਦੇ ਬਿਆਨਾਂ ’ਤੇ ਸੁਧਾਰ ਪੁਲੀਸ ਨੇ ਹੁਣ ਮ੍ਰਿਤਕ ਦੀ ਪਤਨੀ ਅਤੇ ਸੱਸ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਬਲਜੀਤ ਸਿੰਘ ਨੇ ਖ਼ੁਦਕੁਸ਼ੀ ਨੋਟ ਵਿੱਚ ਆਪਣੀ ਪਤਨੀ ਦਲਜੀਤ ਕੌਰ ਅਤੇ ਸੱਸ ਲਖਵਿੰਦਰ ਕੌਰ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਬਲਜੀਤ ਸਿੰਘ ਦੀ ਹੱਥ ਲਿਖਤ ਅਨੁਸਾਰ ਪਿਛਲੇ ਕਰੀਬ ਚਾਰ ਸਾਲ ਤੋਂ ਉਸ ਦੀ ਪਤਨੀ ਉਸ ਦੇ ਪੁੱਤਰ ਅਰਪਨਜੋਤ ਸਿੰਘ ਸੰਧੂ ਨੂੰ ਲੈ ਕੇ ਉਤਰਾਖੰਡ ਦੇ ਜ਼ਿਲ੍ਹਾ ਹਰਿਦੁਆਰ ਦੇ ਪਿੰਡ ਆਲਾਵਾਲਾ ਵਿੱਚ ਰਹਿ ਰਹੀ ਹੈ। ਉਸ ਨੇ ਦੋਸ਼ ਲਾਇਆ ਕਿ ਕਈ ਵਾਰ ਖ਼ੁਦ ਅਤੇ ਰਿਸ਼ਤੇਦਾਰਾਂ ਨੂੰ ਲੈ ਕੇ ਗਿਆ ਸੀ। ਪਰ ਉਹ ਕੇਵਲ ਮੈਨੂੰ ਪਰੇਸ਼ਾਨ ਕਰਨ ਲਈ ਹੀ ਮੇਰੇ ਪੁੱਤਰ ਨੂੰ ਮੇਰੇ ਨਾਲ ਮਿਲਣ ਨਹੀਂ ਦੇ ਰਹੀਆਂ ਸਨ।
ਥਾਣਾ ਸੁਧਾਰ ਦੇ ਮੁਖੀ ਗੁਰਦੀਪ ਸਿੰਘ ਨੇ ਕੇਸ ਦਰਜ ਕਰਨ ਦੀ ਪੁਸ਼ਟੀ ਕਰਦਿਆਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਭੇਜਣ ਦੀ ਜਾਣਕਾਰੀ ਦਿੱਤੀ ਹੈ।ਸਿਪਾਹੀ ਬਲਜੀਤ ਸਿੰਘ (36 ਸਾਲ) ਜ਼ਿਲ੍ਹਾ ਫ਼ਿਰੋਜ਼ਪੁਰ ਤਹਿਸੀਲ ਜ਼ੀਰਾ ਦੇ ਪਿੰਡ ਬੰਡਾਲਾ ਨੌ ਬੰਬ ਦਾ ਰਹਿਣ ਵਾਲਾ ਸੀ।

