ਹਥਿਆਰ ਤੇ ਚੋਰੀ ਦੇ ਮੋਟਰਸਾਈਕਲਾਂ ਸਣੇ ਛੇ ਕਾਬੂ
ਲੁਧਿਆਣਾ ਪੁਲੀਸ ਨੇ ਅੱਜ ਹਥਿਆਰਾਂ ਦੇ ਜ਼ੋਰ ’ਤੇ ਡਕੈਤੀ ਦੀ ਯੋਜਨਾ ਬਣਾ ਰਹੇ 6 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਤੱਕ ਪੁਲੀਸ ਉਦੋਂ ਪਹੁੰਚੀ, ਜਦੋਂ ਮੁਲਜ਼ਮ ਖਾਲੀ ਪਲਾਟ ਵਿੱਚ ਬੈਠ ਕੇ ਡਕੈਤੀ ਦੀ ਯੋਜਨਾ ਬਣਾ ਰਹੇ ਸਨ। ਪੁਲੀਸ ਨੇ ਗਰੋਹ ਦੇ ਸਰਗਨੇ ਸਣੇ ਛੇ ਮੁਲਜ਼ਮਾਂ ਨੂੰ ਘੇਰ ਕੇ ਕਾਬੂ ਕਰ ਲਿਆ। ਮੁਲਜ਼ਮਾਂ ਤੋਂ ਵੱਖ-ਵੱਖ ਕੰਪਨੀਆਂ ਦੇ ਪੰਜ ਚੋਰੀ ਕੀਤੇ ਮੋਟਰਸਾਈਕਲ, ਇੱਕ .315 ਬੋਰ ਦਾ ਦੇਸੀ ਪਿਸਤੌਲ, ਤੇਜ਼ਧਾਰ ਹਥਿਆਰ ਅਤੇ ਮੋਬਾਈਲ ਫੋਨ ਬਰਾਮਦ ਹੋਇਆ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਈਡਬਲਯੂਐੱਸ ਕਲੋਨੀ ਦੇ ਰਹਿਣ ਵਾਲੇ ਸੰਨੀ ਕੁਮਾਰ, ਛੋਟਾ ਸੰਨੀ, ਆਫਤਾਬ ਆਲਮ, ਮੁਹੰਮਦ ਰਾਜਿਕ ਖਾਨ, ਆਦਿਤਿਆ ਅਤੇ ਖੁਸ਼ਪ੍ਰੀਤ ਸਿੰਘ ਉਰਫ਼ ਖਲੀ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦੇ ਰਿਮਾਂਡ ’ਤੇ ਲਿਆ ਹੈ। ਡੀਸੀਪੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਮਿਲੀ ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਦੋਵੇਂ ਸੰਨੀ ਨਾਂ ਦੇ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ।