ਡਰੱਮ ’ਚੋਂ ਮਿਲੀ ਲਾਸ਼ ਸਬੰਧੀ ਔਰਤ ਸਣੇ ਛੇ ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਜੂਨ
ਸਨਅਤੀ ਸ਼ਹਿਰ ਦੇ ਗਿਆਸਪੁਰਾ ਚੌਕ ਨੇੜੇ ਬੀਤੀ ਰਾਤ ਖਾਲੀ ਪਲਾਟ ਵਿੱਚ ਨੀਲੇ ਡਰੰਮ ਅੰਦਰ ਰੱਸੀ ਨਾਲ ਬੰਨ੍ਹੇ ਹੋਏ ਵਿਅਕਤੀ ਦੀ ਲਾਸ਼ ਮਿਲਣ ਦੇ ਮਾਮਲੇ ਵਿੱਚ ਅੱਜ ਪੁਲੀਸ ਨੇ ਔਰਤ ਸਣੇ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਦੋ ਨਾਬਾਲਗ ਵੀ ਸ਼ਾਮਲ ਹਨ। ਮ੍ਰਿਤਕ ਦੀ ਪਛਾਣ ਮਨੋਜ ਉਰਫ਼ ਰਾਜੂ ਵਜੋਂ ਹੋਈ ਹੈ ਤੇ ਉਸ ਦਾ ਕਤਲ ਕਰਨ ਵਾਲੇ ਉਸ ਦੇ ਜਾਣਕਾਰ ਹੀ ਸਨ। ਮੁਲਜ਼ਮਾਂ ਦੀ ਪਛਾਣ ਫੱਗੂ ਪ੍ਰਸਾਦ, ਉਸ ਦੀ ਪਤਨੀ ਊਸ਼ਾ ਦੇਵੀ, ਵੱਡਾ ਪੁੱਤਰ ਨੀਰਜ ਕੁਮਾਰ, ਸੀਡੂ ਕੁਮਾਰ ਤੇ ਫੱਗੂ ਪ੍ਰਸਾਦ ਦੇ ਦੋ ਨਾਬਾਲਗ ਪੁੱਤਰਾਂ ਵਜੋਂ ਹੋਈ ਹੈ।
ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਮਨੋਜ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਬੰਨ੍ਹ ਕੇ ਨੀਲੇ ਡਰਮ ਵਿੱਚ ਪਾ ਦਿੱਤਾ। ਮਾਮਲੇ ਸਬੰਧੀ ਰੱਖੀ ਪੱਤਰਕਾਰ ਮਿਲਣੀ ਦੌਰਾਨ ਏਡੀਸੀਪੀ ਕਰਨਵੀਰ ਸਿੰਘ ਨੇ ਦੱਸਿਆ ਕਿ ਮਨੋਜ ਅਤੇ ਨੀਰਜ ਦੋਸਤ ਸਨ ਤੇ ਸ਼ਰਾਬ ਪੀਣ ਦੇ ਆਦੀ ਸਨ। ਵਾਰਦਾਤ ਵਾਲੇ ਦਿਨ ਵੀ ਦੋਵਾਂ ਨੇ ਇਕੱਠਿਆਂ ਬੈਠ ਕੇ ਸ਼ਰਾਬ ਪੀਤੀ ਤੇ ਕਿਸੇ ਗੱਲੋਂ ਦੋਵਾਂ ਵਿੱਚ ਬਹਿਸ ਹੋ ਗਈ ਜੋ ਲੜਾਈ ਤੱਕ ਵੱਧ ਗਈ। ਲੜਾਈ ਦੌਰਾਨ ਨੀਰਜ ਦੀਆਂ ਚੀਕਾਂ ਸੁਣ ਕੇ ਉਸ ਦਾ ਪਰਿਵਾਰ ਉਥੇ ਆ ਗਿਆ ਤੇ ਉਨ੍ਹਾਂ ਮਨੋਜ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਕੁੱਟ ਕਾਰਨ ਮਨੋਜ ਪਹਿਲਾਂ ਬੇਹੋਸ਼ ਹੋ ਗਿਆ ਤੇ ਮਗਰੋਂ ਉਸ ਦੀ ਮੌਤ ਹੋ ਗਈ। ਲਾਸ਼ ਪੂਰੀ ਰਾਤ ਕਮਰੇ ਵਿੱਚ ਪਈ ਰਹੀ ਤੇ ਅਗਲੇ ਦਿਨ ਸਵੇਰ ਮੁਲਜ਼ਮਾਂ ਨੇ ਉਸ ਨੂੰ ਖਾਲੀ ਪਲਾਟ ਵਿੱਚ ਸੁੱਟ ਦਿੱਤਾ।