ਕੇਂਦਰੀ ਜੇਲ੍ਹ ਵਿੱਚ ਭੈਣਾਂ ਨੇ ਭਰਾਵਾਂ ਦੇ ਗੁੱਟਾਂ ’ਤੇ ਸਜਾਈਆਂ ਰੱਖੜੀਆਂ
ਅੱਜ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਹਜ਼ਾਰਾਂ ਭੈਣਾਂ ਆਪਣੇ ਜੇਲ੍ਹ ਵਿੱਚ ਬੰਦ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਇਥੇ ਪੁੱਜੀਆਂ। ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਕੈਦ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਪਹੁੰਚੀਆਂ ਭੈਣਾਂ ਬਹੁਤ ਭਾਵੁਕ ਹੋ ਗਈਆਂ। ਜੇਲ੍ਹ ਪ੍ਰਸ਼ਾਸਨ ਵੱਲੋਂ ਵੀ ਕਾਫ਼ੀ ਇੰਤਜ਼ਾਮ ਕੀਤੇ ਗਏ ਸਨ। ਭੈਣਾਂ ਨੂੰ ਜੇਲ੍ਹ ਦੇ ਅੰਦਰ ਪੰਜ ਤੋਂ ਦਸ ਮਿੰਟ ਦਾ ਸਮਾਂ ਦਿੱਤਾ ਗਿਆ ਸੀ ਤਾਂ ਜੋ ਉਹ ਰੱਖੜੀ ਬੰਨ੍ਹਣ ਤੋਂ ਬਾਅਦ ਆਪਣੇ ਭਰਾ ਨਾਲ ਕੁਝ ਸਮਾਂ ਬਿਤਾ ਸਕਣ। ਇਸ ਦੌਰਾਨ ਜੇਲ੍ਹ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਰੱਖੜੀ ਬੰਨ੍ਹਦੇ ਸਮੇਂ ਕਈ ਭੈਣਾਂ-ਭਰਾਵਾਂ ਦੀਆਂ ਅੱਖਾਂ ਵਿੱਚ ਹੰਝੂ ਸਨ, ਪਰ ਉਨ੍ਹਾਂ ਦੇ ਚਿਹਰਿਆਂ ’ਤੇ ਮੁਸਕਰਾਹਟ ਵੀ ਸੀ। ਇਹ ਦ੍ਰਿਸ਼ ਦੇਖ ਕੇ ਜੇਲ੍ਹ ਅਧਿਕਾਰੀ ਵੀ ਭਾਵੁਕ ਹੋ ਗਏ। ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ ਵਿਸ਼ੇਸ਼ ਤੌਰ ’ਤੇ ਮਠਿਆਈਆਂ ਅਤੇ ਰੱਖੜੀ ਦੇ ਸਟਾਲ ਲਗਾਏ ਸਨ। ਭੈਣਾਂ ਨੇ ਆਪਣੇ ਭਰਾਵਾਂ ਨੂੰ ਆਪਣੇ ਸਾਹਮਣੇ ਕੁਰਸੀਆਂ ’ਤੇ ਬਿਠਾ ਕੇ ਰੱਖੜੀ ਬੰਨ੍ਹੀ। ਲਗਭਗ 2500 ਭੈਣਾਂ ਆਪਣੇ ਭਰਾਵਾਂ ਨੂੰ ਮਿਲਣ ਆਈਆਂ। ਕੇਂਦਰੀ ਜੇਲ੍ਹ ਦੇ ਬਾਹਰ ਵੀ ਮਹਿਲਾ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਬੰਦੀਆਂ ਨੂੰ ਰੱਖੜੀ ਬੰਨ੍ਹੀ ਜਿਨ੍ਹਾਂ ਦੀਆਂ ਭੈਣਾਂ ਦੂਰ-ਦੁਰਾਡੇ ਪਿੰਡਾਂ ਵਿੱਚ ਰਹਿੰਦੀਆਂ ਹਨ ਜਾਂ ਜਿਨ੍ਹਾਂ ਦੀਆਂ ਭੈਣਾਂ ਨਹੀਂ ਹਨ। ਜੇਲ੍ਹ ਪਹੁੰਚੀਆਂ ਭੈਣਾਂ ਨੇ ਕਿਹਾ ਕਿ ਪਿਛਲੇ ਸਾਲ ਵੀ ਉਨ੍ਹਾਂ ਨੇ ਆਪਣੇ ਭਰਾਵਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਰੱਖੜੀ ਬੰਨ੍ਹੀ ਸੀ। ਇਸ ਸਾਲ ਵੀ ਸਰਕਾਰ ਨੇ ਇਹੀ ਸਹੂਲਤ ਦਿੱਤੀ ਹੈ। ਉਹ ਸਰਕਾਰ ਦਾ ਧੰਨਵਾਦ ਕਰਦੀਆਂ ਹਨ। ਅਜਿਹਾ ਲੱਗਦਾ ਹੈ ਜਿਵੇਂ ਉਹ ਜੇਲ੍ਹ ਵਿੱਚ ਨਹੀਂ ਸਗੋਂ ਆਪਣੇ ਘਰ ਵਿੱਚ ਆਪਣੇ ਭਰਾ ਨੂੰ ਰੱਖੜੀ ਬੰਨ੍ਹ ਰਹੀਆਂ ਹਨ। ਉਨ੍ਹਾਂ ਨੇ ਆਪਣੇ ਭਰਾਵਾਂ ਦੀ ਲੰਬੀ ਉਮਰ ਅਤੇ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕੀਤੀ। ਨਾਲ ਹੀ ਰੱਖੜੀ ਬੰਨ੍ਹਣ ਦੇ ਬਦਲੇ ਉਨ੍ਹਾਂ ਨੂੰ ਅਪਰਾਧ ਦੀ ਦੁਨੀਆ ਛੱਡਣ ਅਤੇ ਸਮਾਜ ਵਿੱਚ ਰਹਿ ਕੇ ਆਪਣੀ ਚੰਗੀ ਪਛਾਣ ਬਣਾਉਣ ਲਈ ਪ੍ਰੇਰਿਆ।
ਭੈਣਾਂ ਸਵੇਰ ਤੋਂ ਹੀ ਜੇਲ੍ਹ ਦੇ ਮੁੱਖ ਗੇਟ ’ਤੇ ਆਪਣੇ ਕੈਦੀ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹਣ ਦੀ ਉਡੀਕ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਜੇਲ੍ਹ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ ਕਿ ਪਰਿਵਾਰਾਂ ਨੂੰ ਫ਼ੋਨ ਕਰਕੇ ਰੱਖੜੀ ਬੰਨ੍ਹਣ ਆਉਣ ਬਾਰੇ ਸੂਚਨਾ ਦੇਣਗੇ, ਤਾਂ ਜੋ ਇਸ ਤਿਉਹਾਰ ਵਾਲੇ ਦਿਨ ਕਿਸੇ ਵੀ ਕੈਦੀ ਦੇ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਜੇਲ੍ਹ ਸੁਪਰਡੈਂਟ ਕੁਲਵੰਤ ਸਿੰਘ ਸਿੱਧੂ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਵਿੱਚ ਦਾਖਲ ਹੋਣ ਵਾਲਿਆਂ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ। ਜੇਲ੍ਹ ਪ੍ਰਸ਼ਾਸਨ ਨੇ ਕਿਸੇ ਨੂੰ ਵੀ ਖਾਣ-ਪੀਣ ਦੀਆਂ ਚੀਜ਼ਾਂ ਅੰਦਰ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ। ਹਰ ਭੈਣ ਨੂੰ ਮੁਲਾਕਾਤ ਲਈ 5 ਤੋਂ 10 ਮਿੰਟ ਦਿੱਤੇ ਗਏ ਸਨ। ਸਿਰਫ਼ ਜਿਨ੍ਹਾਂ ਨੇ ਮਠਿਆਈਆਂ ਦੇ ਸਟਾਲ ਲਗਾਏ ਗਏ ਸਨ, ਉਨ੍ਹਾਂ ਨੂੰ ਹੀ ਅੰਦਰ ਲਿਜਾਉਣ ਦਿੱਤਾ ਗਿਆ। ਜੇਲ੍ਹ ਵਿੱਚ 4500 ਤੋਂ ਵੱਧ ਕੈਦੀ ਅਤੇ ਵਿਚਾਰ ਅਧੀਨ ਕੈਦੀ ਹਨ।