ਫ਼ਿਲਮ ‘ਐਮਰਜੈਂਸੀ’ ਖ਼ਿਲਾਫ਼ ਸਿੱਖ ਜਥੇਬੰਦੀਆਂ ਵੱਲੋਂ ਮੁਜ਼ਾਹਰਾ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਜਨਵਰੀ
ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਇਲਾਕੇ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਨੂੰ ਲੈ ਕੇ ਲੁਧਿਆਣਾ ’ਚ ਮੁਜ਼ਾਹਰਾ ਹੋਇਆ। ਸਿੱਖ ਜਥੇਬੰਦੀਆਂ ਨੇ ਸਿਨੇਮਾ ਹਾਲ ਸੰਚਾਲਕਾਂ ਨੂੰ ਕਿਹਾ ਹੈ ਕਿ ਇਹ ਫਿਲਮ ਪੰਜਾਬ ਦੇ ਸਿਨੇਮਾ ਘਰਾਂ ਵਿੱਚ ਨਾ ਦਿਖਾਈ ਜਾਵੇ। ਫਿਰੋਜ਼ਪੁਰ ਰੋਡ ’ਤੇ ਸਥਿਤ ਸਿਲਵਰ ਆਰਕ ਮਾਲ ਸਣੇ ਪੀਵੀਆਰ ਸਿਨੇਮਾ ਹਾਲ ਦੇ ਬਾਹਰ ਧਰਨਾ ਦਿੱਤਾ ਗਿਆ। ਨਾਲ ਹੀ ਸਿੱਖ ਜਥੇਬੰਦੀਆਂ ਨੇ ਸਿਨੇਮਾ ਘਰ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਕਿਹਾ ਕਿ ਐਮਰਜੈਂਸੀ ਫਿਲਮ ਨੂੰ ਸਿਨੇਮਾ ਘਰ ਵਿੱਚ ਨਹੀਂ ਦਿਖਾਉਣ ਦਿੱਤਾ ਜਾਵੇਗਾ। ਤਖਤੀਆਂ ਫੜ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਨਾਅਰੇਬਾਜ਼ੀ ਵੀ ਕੀਤੀ।
ਦੱਸ ਦੇਈਏ ਕਿ ਸ਼ੁੱਕਰਵਾਰ ਤੋਂ ਫਿਲਮ ‘ਐਮਰਜੈਂਸੀ’ ਦੇਸ਼ ਭਰ ਵਿੱਚ ਰਿਲੀਜ਼ ਹੋਈ ਹੈ। ਲੁਧਿਆਣਾ ਵਿੱਚ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਪੁਲੀਸ ਵੀ ਤਿਆਰ ਹੋ ਗਿਆ ਸੀ। ਅੱਜ ਸਵੇਰੇ ਹੀ ਸ਼ਹਿਰ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਲਈ ਪੁਲੀਸ ਫੋਰਸ ਤਿਆਰ ਸੀ। ਦੂਜੇ ਪਾਸੇ ਜਥੇਬੰਦੀ ਨੇ ਕਿਹਾ ਕਿ ਜੇਕਰ ਇਹ ਫਿਲਮ ਕਿਸੇ ਵੀ ਥੀਏਟਰ ਵਿੱਚ ਦਿਖਾਈ ਗਈ ਤਾਂ ਇਸ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੁਲੀਸ ਅਤੇ ਮਾਲ ਪ੍ਰਬੰਧਕ ਦੀ ਹੋਵੇਗੀ। ਇਸ ਦੌਰਾਨ ਗੁਰਦੁਆਰਾ ਦੇਗਸਰ ਕਟਾਣਾ ਸਾਹਿਬ ਦੇ ਮੈਨੇਜਰ ਨਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਿਲਵਰ ਆਰਕ ਮਾਲ ਵਿੱਚ ‘ਐਮਰਜੈਂਸੀ’ ਫਿਲਮ ਰਿਲੀਜ਼ ਹੋਣੀ ਸੀ। ਸ਼੍ਰੋਮਣੀ ਕਮੇਟੀ ਦੇ ਹੁਕਮਾਂ ’ਤੇ ਸਿੱਖ ਜਥੇਬੰਦੀਆਂ ਇਸ ਫਿਲਮ ਦਾ ਵਿਰੋਧ ਕਰ ਰਹੀਆਂ ਹਨ। ਸਮੂਹ ਸਿਨੇਮਾ ਘਰਾਂ ਵਿੱਚ ਜਾ ਕੇ ਫਿਲਮ ਨੂੰ ਰੋਕਿਆ ਗਿਆ। ਇਸ ਦੌਰਾਨ ਸਿਨੇਮਾ ਘਰਾਂ ਦੇ ਮਾਲਕਾਂ ਨੂੰ ਵੀ ਸ਼ਾਂਤੀ ਬਣਾਈ ਰੱਖਣ ਲਈ ਇਹ ਫਿਲਮ ਨਾ ਦਿਖਾਉਣ ਦੀ ਅਪੀਲ ਕੀਤੀ ਗਈ ਹੈ।