ਸ਼ੇਰਪੁਰ ਕਲਾਂ ਵਿੱਚ ਸ਼ੁੱਕਰਵਾਰ ਦੇਰ ਰਾਤ ਦੋ ਗੁਟਾਂ ਵਿੱਚ ਲੜਾਈ ਹੋਈ। ਇਸ ਲੜਾਈ ਦੌਰਾਨ ਇੱਕ ਧਿਰ ਨੇ ਗੋਲੀ ਚਲਾ ਦਿੱਤੀ, ਜੋ ਉਥੋਂ ਲੰਘ ਰਹੀ ਇੱਕ ਲੜਕੀ ਦੇ ਹੱਥ ਵਿੱਚ ਲੱਗੀ। ਲੜਕੀ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਇਸ ਵੇਲੇ ਉਹ ਇਲਾਜ ਅਧੀਨ ਹੈ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਮੋਤੀ ਨਗਰ ਥਾਣੇ ਦੀ ਪੁਲੀਸ ਮੌਕੇ ’ਤੇ ਪਹੁੰਚੀ। ਪੁਲੀਸ ਨੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਇਲਾਕੇ ਦੇ ਵਸਨੀਕ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਸਬਜ਼ੀ ਮੰਡੀ ਵਿੱਚ ਖਰੀਦਦਾਰੀ ਕਰ ਰਿਹਾ ਸੀ। ਇਸ ਦੌਰਾਨ ਦੋ ਧਿਰਾਂ ਆਪਸ ਵਿੱਚ ਭਿੜ ਗਈਆਂ ਤੇ ਇੱਕ ਧਿਰ ਨੇ ਦੂਜੀ ’ਤੇ ਗੋਲੀ ਚਲਾ ਦਿੱਤੀ। ਗੋਲੀ ਦੀ ਆਵਾਜ਼ ਸੁਣ ਕੇ ਸਭ ਕਿਤੇ ਭਾਜੜ ਪੈ ਗਈ ਤੇ ਲੋਕ ਇੱਧਰ-ਉੱਧਰ ਭੱਜਣ ਲੱਗ ਪਏ। ਇਸ ਦੌਰਾਨ ਉਸ ਦੀ ਭਤੀਜੀ ਮੈਰੀ ਦੇ ਹੱਥ ਵਿੱਚੋਂ ਖੂਨ ਨਿਕਲਣ ਲੱਗ ਪਿਆ। ਉਸ ਨੇ ਸ਼ੰਕਾ ਜਤਾਇਆ ਕਿ ਜਾਂ ਲੜਕੀ ਦੇ ਹੱਥ ਵਿੱਚ ਗੋਲੀ ਲੱਗੀ ਹੈ ਜਾਂ ਫਿਰ ਛੱਰਾ ਜਿਸ ਕਾਰਨ ਉਹ ਜ਼ਖ਼ਮੀ ਹੋ ਗਈ ਹੈ। ਡਾਕਟਰਾਂ ਅਨੁਸਾਰ ਸਹੀ ਹਾਲਾਤ ਐਕਸ-ਰੇਅ ਤੋਂ ਬਾਅਦ ਹੀ ਪਤਾ ਲੱਗਣਗੇ। ਮੈਰੀ 9ਵੀਂ ਜਮਾਤ ਦੀ ਵਿਦਿਆਰਥਣ ਹੈ।
ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ: ਐੱਸਐੱਚਓ
ਪੁਲੀਸ ਥਾਣਾ ਮੋਤੀ ਨਗਰ ਦੇ ਐੱਸਐੱਚਓ ਇੰਸਪੈਕਟਰ ਵਰਿੰਦਰ ਸਿੰਘ ਨੇ ਕਿਹਾ ਕਿ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗੋਲੀ ਕਿਸਨੇ ਚਲਾਈ। ਗੋਲੀ ਜ਼ਰੂਰ ਚਲਾਈ ਗਈ ਹੈ। ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਗੋਲੀ ਚਲਾਉਣ ਵਾਲੇ ਦੀ ਪਛਾਣ ਜਲਦੀ ਹੀ ਕਰ ਲਈ ਜਾਵੇਗੀ।