ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਨੇੜਲੇ ਬਲਪ੍ਰੀਤ ਸਿੰਘ ਸ਼ਾਮਗੜ੍ਹ ਨੂੰ ਅੱਜ ਮਾਛੀਵਾੜਾ ਟਰੱਕ ਯੂਨੀਅਨ ਦਾ ਪ੍ਰਧਾਨ ਬਣਾ ਦਿੱਤਾ ਗਿਆ। ਟਰੱਕ ਯੂਨੀਅਨ ਮਾਛੀਵਾੜਾ ਦੇ ਪ੍ਰਧਾਨ ਰਹੇ ਜਗਰੂਪ ਸਿੰਘ ਰੂਪਾ ਖੀਰਨੀਆਂ ਦੇ ਦੇਹਾਂਤ ਤੋਂ ਬਾਅਦ ਇਹ ਅਹੁਦਾ ਖਾਲੀ ਹੋਇਆ ਸੀ ਜਿਸ ਦੀ ਚੋਣ ਲਈ ਪਿਛਲੇ ਕਾਫ਼ੀ ਦਿਨਾਂ ਤੋਂ ਸਰਗਰਮੀਆਂ ਚੱਲ ਰਹੀਆਂ ਸਨ।
ਪ੍ਰਧਾਨ ਦੀ ਚੋਣ ਤੋਂ ਪਹਿਲਾਂ ਕੁਝ ਸਮੇਂ ਲਈ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਯੂਨੀਅਨ ਦਾ ਇੱਕ ਧੜਾ ਦਫ਼ਤਰ ਨੂੰ ਤਾਲਾ ਲਗਾ ਕੇ ਚੋਣ ਦਾ ਵਿਰੋਧ ਕਰਕੇ ਚਲਾ ਗਿਆ। ਜਦੋਂ ਚੋਣ ਪ੍ਰਕਿਰਿਆ ਨੇਪਰੇ ਚਾੜ੍ਹਨ ਲਈ ਮਾਛੀਵਾੜਾ ਇਲਾਕੇ ਦੇ ਆਮ ਆਦਮੀ ਪਾਰਟੀ ਆਗੂ ਤੇ ਟਰੱਕ ਮਾਲਕ ਮੌਕੇ ’ਤੇ ਪੁੱਜੇ ਤਾਂ ਉੱਥੇ ਦਫ਼ਤਰ ਨੂੰ ਤਾਲਾ ਲੱਗਿਆ ਦੇਖ ਉਨ੍ਹਾਂ ਨੂੰ ਹੈਰਾਨੀ ਹੋਈ ਕਿਉਂਕਿ ਉਨ੍ਹਾਂ ਨੂੰ ਪੂਰਣ ਉਮੀਦ ਸੀ ਕਿ ਸਾਰੀ ਚੋਣ ਸਹਿਮਤੀ ਨਾਲ ਹੋਵੇਗੀ। ਕੁਝ ਹੀ ਸਮੇਂ ਵਿੱਚ ਦਫ਼ਤਰ ਦਾ ਤਾਲਾ ਖੋਲ੍ਹ ਜਾਂ ਤੋੜ ਦਿੱਤਾ ਗਿਆ ਅਤੇ ਅੰਦਰ ਦਾਖਲ ਹੋ ਕੇ ਇਸ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ ਗਿਆ ਜਿਸ ਵਿਚ ਬਲਪ੍ਰੀਤ ਸਿੰਘ ਸ਼ਾਮਗੜ੍ਹ ਨੂੰ ਹਾਰ ਪਾ ਕੇ ਯੂਨੀਅਨ ਦਾ ਪ੍ਰਧਾਨ ਬਣਾ ਦਿੱਤਾ ਗਿਆ।
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਮੋਹਿਤ ਕੁੰਦਰਾ, ਸਾਬਕਾ ਚੇਅਰਮੈਨ ਸੋਹਣ ਲਾਲ ਸ਼ੇਰਪੁਰੀ, ਮਾਰਕੀਟ ਕਮੇਟੀ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਚੇਅਰਮੈਨ ਮੇਜਰ ਸਿੰਘ ਬਾਲਿਓਂ, ਜਗਮੀਤ ਸਿੰਘ ਮੱਕੜ, ਅਮਨਦੀਪ ਸਿੰਘ ਤਨੇਜਾ, ਪ੍ਰਦੀਪ ਕੁਮਾਰ, ਜਸਵੀਰ ਸਿੰਘ ਭੱਟੀਆਂ (ਸਾਰੇ ਕੌਂਸਲਰ), ਆੜ੍ਹਤੀ ਜਗਨਨਾਥ, ਪੀਏ ਨਵਜੀਤ ਸਿੰਘ ਉਟਾਲਾਂ, ਬਲਜਿੰਦਰ ਸਿੰਘ ਮੱਕੜ, ਪ੍ਰਵੀਨ ਮੱਕੜ, ਗੁਰਿੰਦਰ ਸਿੰਘ ਨੂਰਪੁਰ, ਮੁਨਸ਼ੀ ਅਵਤਾਰ ਸਿੰਘ ਅਤੇ ਟਰੱਕ ਮਾਲਕ ਮੌਜੂਦ ਸਨ।
ਟਰੱਕ ਯੂਨੀਅਨ ’ਚ ਕੋਈ ਧੜੇਬੰਦੀ ਨਹੀਂ: ਪ੍ਰਧਾਨ ਸ਼ਾਮਗੜ੍ਹ
ਮਾਛੀਵਾੜਾ ਟਰੱਕ ਯੂਨੀਅਨ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਬਲਪ੍ਰੀਤ ਸਿੰਘ ਸ਼ਾਮਗੜ੍ਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਥੇ ਕੋਈ ਧੜ੍ਹੇਬੰਦੀ ਨਹੀਂ ਸਗੋਂ ਸਮੂਹ ਟਰੱਕ ਆਪ੍ਰੇਟਰ ਇੱਕਜੁਟ ਹਨ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਟਰੱਕ ਆਪ੍ਰੇਟਰਾਂ ਦੇ ਹਿੱਤਾਂ ਲਈ ਕੰਮ ਕਰਨਗੇ ਕਿਉਂਕਿ ਕਈ ਥਾਵਾਂ ’ਤੇ ਟਰੱਕ ਮਾਲਕਾਂ ਨੂੰ ਯੋਗ ਕਿਰਾਇਆ ਨਹੀਂ ਮਿਲਦਾ ਜਿਸ ਨੂੰ ਹੱਲ ਕਰਵਾਉਣ ਲਈ ਉਹ ਹਮੇਸ਼ਾ ਯਤਨਸ਼ੀਲ ਰਹਿਣਗੇ। ਪ੍ਰਧਾਨ ਸ਼ਾਮਗੜ੍ਹ ਨੇ ਕਿਹਾ ਕਿ ਕਣਕ ਤੇ ਝੋਨੇ ਦੀ ਢੋਆ-ਢੁਆਈ ਸੀਜ਼ਨ ਦੌਰਾਨ ਟਰੱਕ ਆਪ੍ਰੇਟਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਨੂੰ ਦੂਰ ਕੀਤਾ ਜਾਵੇਗਾ। ਪ੍ਰਧਾਨ ਚੁਣੇ ਜਾਣ ’ਤੇ ਉਹ ਸਮੂਹ ਟਰੱਕ ਆਪ੍ਰੇਟਰਾਂ ਦੇ ਧੰਨਵਾਦੀ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਮਾਣ ਬਖਸ਼ਿਆ।