ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਵਿੱਚ ਸ਼ੁਰੂ ਹੋਏ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਖੇਡ ਮੇਲੇ ਦੇ ਪਹਿਲੇ ਦਿਨ ਫੁੱਟਬਾਲ ਆਲ ਓਪਨ ਮੁਕਾਬਲਿਆਂ ਵਿੱਚ ਯੂ ਐੱਸ ਏ ਯੂਨਾਈਟਿਡ ਫੁਟਬਾਲ ਟੀਮ ਨੇ ਦਲਬੀਰ ਅਕੈਡਮੀ ਪਟਿਆਲਾ ਦੀ ਟੀਮ ਨੂੰ 3-1 ਦੇ ਅੰਤਰ ਨਾਲ ਹਰਾ ਕੇ ਅਤੇ ਨਾਮਧਾਰੀ ਸਪੋਰਟਸ ਅਕੈਡਮੀ ਭੈਣੀ ਸਾਹਿਬ ਦੀ ਫੁਟਬਾਲ ਟੀਮ ਨੇ ਕੇਹਰ ਫੁੱਟਬਾਲ ਕਲੱਬ ਜਲੰਧਰ ਨੂੰ 5-1 ਦੇ ਵੱਡੇ ਅੰਤਰ ਨਾਲ ਹਰਾ ਕੇ ਆਪਣੇ ਮੁੱਢਲੇ ਮੈਚ ਜਿੱਤ ਕੇ ਅਗਲੇ ਗੇੜ ਵਿੱਚ ਪ੍ਰਵੇਸ਼ ਕਰ ਲਿਆ ਹੈ। ਹਾਕੀ ਮੁਕਾਬਲਿਆਂ ਵਿੱਚ ਸਟੈਟਿਕ ਸਟਾਰ ਅਕੈਡਮੀ ਕੈਲੇਫੋਰਨੀਆ ਦੀ ਹਾਕੀ ਟੀਮ ਨੇ ਗਿੱਲ ਸਪੋਰਟਸ ਅਕੈਡਮੀ ਘਵੱਦੀ ਦੀ ਟੀਮ ਨੂੰ ਫਸਵੇਂ ਮੁਕਾਬਲੇ ਵਿੱਚ 2-1 ਦੇ ਅੰਤਰ ਨਾਲ ਹਰਾ ਕੇ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਖੇਡ ਮੇਲੇ ਦੇ ਫਾਈਨਲ ਮੁਕਾਬਲੇ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਵਸ ਮੌਕੇ ਕਰਵਾਏ ਜਾਣਗੇ।
ਖੇਡ ਮੇਲੇ ਦਾ ਉਦਘਾਟਨ ਹਲਕਾ ਦਾਖਾ ਦੇ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਮੁੱਖ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਕੀਤਾ। ਉਨ੍ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਨਵੀਂ ਪੀੜ੍ਹੀ ਨੂੰ ਸ਼ਹੀਦਾਂ ਵੱਲੋਂ ਦਰਸਾਏ ਰਾਹ ਉਪਰ ਚੱਲਣ ਲਈ ਪ੍ਰੇਰਿਆ। ਕਲੱਬ ਦੇ ਚੇਅਰਮੈਨ ਰਾਜਵੀਰ ਸਿੰਘ ਗਰੇਵਾਲ, ਸ਼ਹੀਦ ਕਰਤਾਰ ਸਿੰਘ ਸਰਾਭਾ ਮੈਡੀਕਲ ਕਾਲਜ ਦੇ ਚੇਅਰਮੈਨ ਜਤਿੰਦਰ ਸਿੰਘ ਤੋਂ ਇਲਾਵਾ ਖੇਡ ਕਲੱਬ ਦੇ ਪ੍ਰਮੁੱਖ ਆਗੂ ਦਵਿੰਦਰ ਸਿੰਘ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਅਵਤਾਰ ਸਿੰਘ, ਅਜੀਤ ਸਿੰਘ ਅਤੇ ਪ੍ਰਦੀਪ ਸਿੰਘ ਨੇ ਵੀ ਉਦਘਾਟਨੀ ਸਮਾਗਮ ਵਿੱਚ ਭਾਗ ਲਿਆ।

