ਸਿੱਧਸਰ ਸਾਹਿਬ ਦੇ ਪ੍ਰਬੰਧ ਲੈਣ ਆਈ ਐੱਸਜੀਪੀਸੀ ਬੇਰੰਗ ਮੁੜੀ
ਦੇਵਿੰਦਰ ਸਿੰਘ ਜੱਗੀ
ਮਲੌਦ, 16 ਮਈ
ਗੁਰੂ ਹਰਿਗੋਬਿੰਦ ਦੇ ਜਰਨੈਲ ਬਾਬਾ ਸੀਹਾਂ ਸਿੰਘ ਗਿੱਲ ਝੱਲੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸਿੱਧਸਰ ਸਾਹਿਬ ਵਿੱਚ ਇਲਾਕੇ ਦੀ ਸੰਗਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਕਾਰ ਪ੍ਰਬੰਧਾਂ ਦੇ ਚੱਲ ਰਹੇ ਵਿਵਾਦ ਨੂੰ ਲੈ ਕੇ ਦੋਵੇਂ ਧਿਰਾਂ ਅੱਜ ਫਿਰ ਇੱਕ ਦੂਜੇ ਦੇ ਸਾਹਮਣੇ ਖੜ੍ਹੀਆਂ ਹਨ। ਇੱਕ ਪਾਸੇ ਸੰਗਤ ਦਾ ਵੱਡਾ ਇਕੱਠ ਤੇ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸਨ ਪਰ ਡੀਐੱਸਪੀ ਪਾਇਲ ਹੇਮੰਤ ਕੁਮਾਰ ਮਲਹੋਤਰਾ ਦੀ ਸੂਝ-ਬੂਝ ਸਦਕਾ ਪੁਲੀਸ ਪ੍ਰਸ਼ਾਸਨ ਦੋਵੇਂ ਧਿਰਾਂ ਦੇ ਵਿਚਕਾਰ ਖੜਕੇ ਟਕਰਾਅ ਤੋਂ ਗੱਲਬਾਤ ਕਰਨ ਲਈ ਸਹਿਮਤੀ ਬਣਾ ਕੇ ਗੱਲਬਾਤ ਕਰਵਾਈ।
ਉੱਘੇ ਸਮਾਜ ਸੇਵੀ ਅਵਤਾਰ ਸਿੰਘ ਜਰਗੜੀ, ਪ੍ਰਧਾਨ ਸਵਰਨ ਸਿੰਘ ਲਸਾੜਾ, ਜਗਤਾਰ ਸਿੰਘ ਨਿਜ਼ਾਮਪੁਰ ਤੇ ਪੰਚ ਜਸਵੰਤ ਸਿੰਘ ਸਿਹੌੜਾ ਨੇ ਕਿਹਾ ਕਿ ਜਦੋਂ ਇਲਾਕੇ ਦੀ ਸੰਗਤ ਅਤੇ ਮਾਲ ਵਿਭਾਗ ਵੱਲੋਂ ਕਿਹਾ ਗਿਆ ਕਿ ਗੁਰਦੁਆਰਾ ਸਾਹਿਬ ਦੀ ਚਾਰ ਦੀਵਾਰੀ ਅੰਦਰ ਤੁਹਾਡਾ ਐੱਸਜੀਪੀਸੀ ਦਾ ਕੋਈ ਜ਼ਮੀਨੀ ਨੰਬਰ ਰਿਕਾਰਡ ਵਿਚ ਨਹੀਂ ਬੋਲਦਾ ਅਤੇ ਵਾਹੀਯੋਗ ਜ਼ਮੀਨ ਵਿੱਚ ਜਿੱਥੇ ਤੁਹਾਡੀ ਜਗ੍ਹਾ ਆਉਂਦੀ ਹੈ ਤਾਂ ਆਓ ਹੁਣੇ ਮਿਣਤੀ ਕਰਕੇ ਛੱਡਣ ਨੂੰ ਤਿਆਰ ਹਾਂ ਤਾਂ ਸ੍ਰੋਮਣੀ ਕਮੇਟੀ ਦਾ ਸਮੁੱਚਾ ਅਮਲਾ ਇਹ ਗੱਲ ਸੁਣ ਕੇ ਬੇਰੰਗ ਵਾਪਸ ਮੁੜ ਗਿਆ।
ਦੱਸਣਯੋਗ ਹੈ ਕਿ ਜਦੋਂ ਸੰਗਤ ਵੱਲੋਂ ਅਕਾਲੀ ਆਗੂ ਗੁਰਜੀਵਨ ਸਿੰਘ ਸਰੌਦ ਗੱਲਬਾਤ ਕਰ ਰਹੇ ਸਨ ਤਾਂ ਸ਼੍ਰੋਮਣੀ ਕਮੇਟੀ ਮੁਲਾਜ਼ਮ ਆਖਣ ਲੱਗੇ ਕਿ ਤੁਸੀਂ ਸਿਆਸੀ ਰੋਟੀਆਂ ਨਾ ਸੇਕੋ, ਗੁਰਦੁਆਰਾ ਸਿੱਧਸਰ ਸਾਹਿਬ ਦੇ ਨੁਮਾਇਦੇ ਹੀ ਗੱਲ ਕਰਨ। ਇਸ ਸਾਰੀ ਸਥਿਤੀ ਨੂੰ ਪੁਲੀਸ ਪ੍ਰਸ਼ਾਸਨ ਨੇ ਤੁਰੰਤ ਦਖਲ ਦੇ ਕੇ ਮਾਹੌਲ ਨੂੰ ਸ਼ਾਂਤ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਐੱਸਐਚਓ ਪਾਇਲ ਸੰਦੀਪ ਕੁਮਾਰ, ਐੱਸਐਚਓ ਦੋਰਾਹਾ ਅਕਾਸ ਦੱਤ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ- ਕਰਮਚਾਰੀ ਅਤੇ ਵੱਡੀ ਗਿਣਤੀ 'ਚ ਇਲਾਕੇ ਦੀਆਂ ਸੰਗਤਾਂ ਵਿਚ ਬੀਬੀਆਂ ਸ਼ਾਮਲ ਸਨ।
ਗੁਰਦੁਆਰੇ ਦੀ ਚਾਰਦੀਵਾਰੀ ਅੰਦਰ ਸ਼੍ਰੋਮਣੀ ਕਮੇਟੀ ਦਾ ਕੋਈ ਹੱਕ ਨਹੀਂ: ਵਕੀਲ
ਗੁਰਦੁਆਰਾ ਸਿੱਧਸਰ ਸਾਹਿਬ ਦੀ ਅਦਾਲਤੀ ਚਾਰਾਜੋਈ ਕਰ ਰਹੇ ਅਤੇ ਸਮਾਜਸੇਵੀ ਅਵਤਾਰ ਸਿੰਘ ਜਰਗੜੀ ਤੇ ਗੁਰਬਾਜ ਸਿੰਘ ਜੁਲਮਗੜ੍ਹ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਚਾਰ ਦੀਵਾਰੀ ਅੰਦਰ ਸ਼੍ਰੋਮਣੀ ਕਮੇਟੀ ਦਾ ਕੋਈ ਹੱਕ ਨਾ ਹੋਣ ਦੇ ਬਾਵਜੂਦ ਵਾਰ-ਵਾਰ ਸੰਗਤ ਨਾਲ ਟਕਰਾਅ ਵਾਲਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ, ਜੇਕਰ ਭਵਿੱਖ ਵਿੱਚ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸਦੀ ਸਾਰੀ ਜ਼ਿੰਮੇਵਾਰੀ ਗੁਰਦੁਆਰਾ ਦੇਗਸਰ ਕਟਾਣਾ ਸਾਹਿਬ ਦੇ ਮੈਨੇਜਰ ਨਰਿੰਦਰਜੀਤ ਸਿੰਘ ਭਵਾਨੀਗੜ ਦੀ ਹੋਵੇਗੀ।