ਜੋਗਿੰਦਰ ਸਿੰਘ ਓਬਰਾਏ
ਖੰਨਾ, 11 ਜੁਲਾਈ
ਇਥੇ ਨਗਰ ਕੌਂਸਲ ਖੰਨਾ ਵਿੱਚ ਅੱਜ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੀ ਪ੍ਰਧਾਨਗੀ ਹੇਠ ਕੌਂਸਲਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਸ਼ਾਂਤੀਪੂਰਵਕ ਢੰਗ ਨਾਲ 7 ਮਤੇ ਪਾਸ ਕੀਤੇ ਗਏ। ਇਨ੍ਹਾਂ ਮਤਿਆਂ ਵਿੱਚ ਸੀਵਰੇਜ ਦੀ ਡੀ-ਸਿਲਟਿੰਗ ਕਰਵਾਉਣ ਦਾ ਮਤਾ ਸਭ ਤੋਂ ਅਹਿਮ ਰਿਹਾ। ਇਸ ਨਾਲ ਸ਼ਹਿਰ ਦੇ ਵੱਡੇ ਹਿੱਸੇ ਵਿੱਚ ਸੀਵਰੇਜ ਦੀ ਸਮੱਸਿਆ ਤੋਂ ਲੋਕਾਂ ਨੂੰ ਰਾਹਤ ਮਿਲੇਗੀ।
ਇਸ ਦੌਰਾਨ 2 ਹਾਈਡਰੋਲਿਕ ਟਰਾਲੀਆਂ ਖਰੀਦਣ ਦਾ ਮਤਾ ਪਾਸ ਕੀਤਾ ਗਿਆ ਜਿਨ੍ਹਾਂ ਦੀ ਕੀਮਤ 6 ਲੱਖ ਦੇ ਕਰੀਬ ਹੋਵੇਗੀ। ਨਗਰ ਕੌਂਸਲ ਦੀ ਹੱਦ ਅੰਦਰ 42 ਏਕੜ 5 ਕਨਾਲ 11 ਮਰਲੇ ਰਕਬੇ ਦੀ ਟੀਪੀ ਸਕੀਮ ਦਾ ਆਖਰੀ ਨੋਟੀਫ਼ਿਕੇਸ਼ਨ ਕਰਵਾਉਣ ਦਾ ਫੈਸਲਾ ਵੀ ਕੀਤਾ ਗਿਆ ਜਿਸ ਵਿਚ ਹਾਈਟੈਕ ਲੈਂਡ ਡਵੈਲਪਰਜ਼ ਐਂਡ ਬਿਲਡਰਜ਼ ਵੱਲੋਂ ਕੌਂਸਲ ਦੀ ਹਦੂਦ ਅੰਦਰ ਬੁੱਲ੍ਹੇਪੁਰ, ਗਲਵੱਡੀ ਅਤੇ ਖੰਨਾ ਕਲਾਂ ਵਿੱਚ ਇਸ ਰਕਬੇ ਨੂੰ ਅਣਬਿਲਟ ਐਲਾਨਿਆ ਜਾਵੇਗਾ। ਇਸ ਮਤੇ ਤੇ ‘ਆਪ’ ਕੌਂਸਲਰ ਪਰਮਪ੍ਰੀਤ ਸਿੰਘ ਪੌਂਪੀ ਨੇ ਇਤਰਾਜ਼ ਪੇਸ਼ ਕਰਦਿਆਂ ਕਿਹਾ ਕਿ ਕਾਂਗਰਸ ਨੇ ਆਪਣੇ ਚਹੇਤਿਆਂ ਨੂੰ ਲਾਭ ਦੇਣ ਲਈ ਸਕੀਮ ਦੀ ਮਨਜ਼ੂਰੀ ਦਿੱਤੀ ਹੈ। ਇਸ ਕਲੋਨੀ ਲਈ ਸਾਲ 2010 ਵਿਚ ਕਰੀਬ 6 ਕਰੋੜ ਦੀ ਰਕਮ ਜਮ੍ਹਾਂ ਹੋਣੀ ਸੀ ਪਰ 15 ਸਾਲ ਬਾਅਦ ਇਹ ਰਕਮ ਸਾਲ 2025 ਵਿਚ ਭਰੀ ਗਈ ਹੈ ਜੋ ਹੁਣ ਵੱਧ ਬਨਣੀ ਚਾਹੀਦੀ ਸੀ।
ਡੀ-ਸਿਲਟਿੰਗ ਲਈ ਕਿਰਾਏ ’ਤੇ ਲਈ ਜਾਵੇਗੀ ਮਸ਼ੀਨਰੀ
ਸ਼ਹਿਰ ਦੇ ਸੀਵਰੇਜ ਦੀ ਡੀ-ਸਿਲਟਿੰਗ ਕਰਵਾਉਣ ਲਈ ਸਫਾਈ ਸ਼ਾਖਾ ਨਗਰ ਕੌਂਸਲ ਵੱਲੋਂ ਮਸ਼ੀਨਰੀ ਕਿਰਾਏ ’ਤੇ ਲੈਣ ਦਾ ਮਤਾ ਵੀ ਪਾਸ ਕੀਤਾ ਗਿਆ ਜਿਸ ਤਹਿਤ ਗੁੱਗਾ ਮਾੜੀ ਸਮਰਾਲਾ ਰੋਡ ਤੋਂ ਮੜੀਆ ਰੋਡ ਤੱਕ, ਟਿਊਬਵੈੱਲ ਤੋਂ ਐਸਡੀ ਦਫ਼ਤਰ, ਬਿੱਲਾਂ ਵਾਲੀ ਛੱਪੜੀ ਤੋਂ ਸਮਾਧੀ ਰੋਡ, ਸਰਕਾਰੀ ਸਕੂਲ ਤੋਂ ਗਿੱਲ ਪੰਪ ਤੱਕ, ਬਿੰਦੂ ਕਰਿਆਨਾ ਸਟੋਰ ਤੋਂ ਪਾਰਕ ਵਾਲੇ ਚੌਂਕ, ਨਵੀਂ ਅਬਾਦੀ ਚੌਂਕ ਤੋਂ ਔਜਲਾ ਡੇਅਰੀ, ਤਿਵਾੜੀ ਚੌਕ ਤੋਂ ਕੁਸ਼ਟ ਆਸ਼ਰਮ ਤੱਕ ਡੀ ਸਿਲਟਿੰਗ ਹੋਵੇਗੀ।
ਡੇਂਗੂ ਤੋਂ ਬਚਾਅ ਲਈ ਖਰੀਦੀਆਂ ਜਾਣਗੀਆਂ ਫੌਗਿੰਗ ਮਸ਼ੀਨਾਂ
ਇਕ ਹੋਰ ਮਤੇ ਰਾਹੀਂ ਡੇਂਗੂ ਤੋਂ ਬਚਾਅ ਲਈ ਨਵੀਆਂ ਮਸ਼ੀਨਾਂ ਖਰੀਦਣ ਦਾ ਫੈਸਲਾ ਵੀ ਕੀਤਾ ਗਿਆ ਜਿਸ ਵਿਚ ਵਾਹਨ ’ਤੇ ਲੱਗਣ ਵਾਲੀ ਧੂੰਏ ਨਾਲ ਮੱਛਰ ਮਾਰਨ ਵਾਲੀ ਮਸ਼ੀਨ 14 ਲੱਖ, 3 ਪਹੀਆ ਡੀਜ਼ਲ ਵਾਹਨ 7 ਲੱਖ 17 ਹਜ਼ਾਰ 320 ਰੁਪਏ ਵਿਚ ਖ੍ਰੀਦਣ ਅਤੇ ਡਰਾਈਵਰ ਡੀਸੀ ਰੇਟ ਤੇ ਰੱਖਣ ਲਈ 4 ਲੱਖ 11 ਹਜ਼ਾਰ 944 ਰੁਪਏ ਦੀ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਕੌਂਸਲਰ ਰਵਿੰਦਰ ਸਿੰਘ ਬੱਬੂ ਅਤੇ ਹਰਦੀਪ ਸਿੰਘ ਨੀਨੂੰ ਨੇ ਆਪਣੇ ਵਾਰਡਾਂ ਵਿਚੋਂ ਕੂੜਾ ਨਾ ਚੁੱਕੇ ਜਾਣ ਦੀ ਸ਼ਿਕਾਇਤ ਕੀਤੀ।