ਸਨਅਤੀ ਸ਼ਹਿਰ ਲੁਧਿਆਣਾ ਵਿੱਚ ਸੀਵਰੇਜ ਸਿਸਟਮ ਦੀ ਹਾਲਤ ਵਿੱਚ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ। ਪਿਛਲੇ ਕਈ ਸਾਲਾਂ ਤੋਂ ਲੁਧਿਆਣਾ-ਚੰਡੀਗੜ੍ਹ ਰੋਡ ’ਤੇ ਸੈਕਟਰ 39 ਨੇੜੇ ਸੜਕ ਝੀਲ ਦਾ ਰੂਪ ਧਾਰਦੀ ਆ ਰਹੀ ਹੈ। ਇਸ ਮੁਸੀਬਤ ਤੋਂ ਛੁਟਕਾਰੇ ਲਈ ਇਸ ਸੜਕ ’ਤੇ ਨਵਾਂ ਸੀਵਰੇਜ ਸਿਸਟਮ ਵੀ ਪਾਇਆ ਗਿਆ ਪਰ ਅਜੇ ਵੀ ਕਈ ਥਾਵਾਂ ਤੋਂ ਸੀਵਰੇਜ ਓਵਰਫਲੋਅ ਹੋਣ ਨਾਲ ਪਾਣੀ ਸੜਕ ’ਤੇ ਖੜ੍ਹਾ ਦੇਖਿਆ ਜਾ ਸਕਦਾ ਹੈ। ਇੱਥੋਂ ਦੇ ਸੈਕਟਰ -39 ਨੇੜੇ ਪਿਛਲੇ ਕਈ ਦਿਨਾਂ ਤੋਂ ਪਾਣੀ ਖੜ੍ਹਾ ਹੋਣ ਕਰਕੇ ਸੜ੍ਹਕ ਦੀ ਹਾਲਤ ਵੀ ਖਸਤਾ ਬਣ ਗਈ ਹੈ।
ਗਲੀਆਂ-ਮੁਹੱਲਿਆਂ ਵਿੱਚ ਸੀਵਰੇਜ ਲੀਕ ਕਰਨ ਦੀਆਂ ਖਬਰਾਂ ਆਮ ਹੋ ਗਈਆਂ ਹਨ ਪਰ ਇੱਥੋਂ ਦੀ ਮਸ਼ਹੂਰ ਚੰਡੀਗੜ੍ਹ-ਲੁਧਿਆਣਾ ਰੋਡ ’ਤੇ ਵੀ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਓਵਰਫਲੋਅ ਹੋਣ ਕਰਕੇ ਪਾਣੀ ਸੜ੍ਹਕ ’ਤੇ ਖੜ੍ਹਾ ਹੋਇਆ ਹੈ। ਇਹ ਸੀਵਰੇਜ ਸੈਕਟਰ-39 ਨੇੜੇ ਪੈਂਦੇ ਭਾਰਤੀ ਵਿਦਿਆ ਮੰਦਿਰ ਦੀ ਦੀਵਾਰ ਦੇ ਬਿਲਕੁਲ ਨਾਲ ਹੈ। ਇਸ ਸੜਕ ’ਤੇ ਵੱਡੇ ਵਾਹਨਾਂ ਦੇ ਨਾਲ ਨਾਲ ਛੋਟੇ ਵਾਹਨਾਂ ਦੀ ਲਗਾਤਾਰ ਆਵਾਜਾਈ ਰਹਿੰਦੀ ਹੈ। ਇੱਥੇ ਪਾਣੀ ਖੜ੍ਹਾ ਹੋਣ ਨਾਲ ਕੁੱਝ ਮਹੀਨੇ ਪਹਿਲਾਂ ਬਣਾਈ ਗਈ ਸੜਕ ’ਤੇ ਵੀ ਡੂੰਘੇ ਅਤੇ ਚੌੜੇ ਟੋਏ ਪੈ ਗਏ ਹਨ ਜੋ ਰਾਤ ਸਮੇਂ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ। ਇਸੇ ਤਰ੍ਹਾਂ ਵਰਧਮਾਨ ਨੇੜੇ ਵੀ ਸੀਵਰੇਜ ਓਵਰਫਲੋਅ ਹੋ ਰਿਹਾ ਹੈ। ਇਸ ਦਾ ਪਾਣੀ ਭਾਵੇਂ ਸੜ੍ਹਕ ’ਤੇ ਬਹੁਤਾ ਨਹੀਂ ਆਇਆ ਪਰ ਸੜਕ ਦੇ ਕਿਨਾਰੇ ਦੀ ਹਾਲਤ ਖਰਾਬ ਹੋ ਚੁੱਕੀ ਹੈ। ਸਕੂਲ ਦੇ ਨੇੜੇ ਹੋਣ ਕਰਕੇ ਇੱਥੋ ਰੋਜ਼ਾਨਾਂ ਹਜ਼ਾਰਾਂ ਬੱਚਿਆਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ਜੇਕਰ ਸਮਾਂ ਰਹਿੰਦੇ ਪ੍ਰਸਾਸ਼ਨ ਵੱਲੋਂ ਇਸ ਪਾਸੇ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਇਹ ਕਿਸੇ ਹਾਦਸੇ ਦਾ ਕਾਰਨ ਵੀ ਸਕਦਾ ਹੈ।