ਸੇਵਾ ਕੇਂਦਰਾਂ ਦੀਆਂ ਇਮਾਰਤਾਂ ਬਣੀਆਂ ਖੰਡਰ
ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਵਾਸੀ ਪਿੰਡ ਰੋਹਣੋ ਖੁਰਦ ਨੇ ਚਿੰਤਾ ਪ੍ਰਗਟ ਕਰਦਿਆਂ ਅੱਜ ਇਥੇ ਕਿਹਾ ਕਿ ਖੰਨਾ ਤਹਿਸੀਲ ’ਚ 67 ਪਿੰਡ ਅਤੇ ਸ਼ਹਿਰ ਦੇ 33 ਵਾਰਡ ਪੈਂਦੇ ਹਨ। ਅਕਾਲੀ ਸਰਕਾਰ ਸਮੇਂ ਹਲਕਾ ਖੰਨਾ ਦੇ ਪਿੰਡਾਂ ਅਤੇ ਸ਼ਹਿਰ ’ਚ ਲੋਕਾਂ ਦੀ ਸਹੂਲਤ ਲਈ ਸੇਵਾ ਕੇਦਰ ਖੋਲ੍ਹੇ ਗਏ ਸਨ। ਪਿੰਡਾਂ ਵਿੱਚ ਬਣੇ ਸੇਵਾ ਕੇਂਦਰ ਕਾਫੀ ਲੰਮੇ ਸਮੇਂ ਤੋਂ ਬੰਦ ਪਏ ਹਨ ਜਿਸ ਕਰਕੇ ਸੇਵਾ ਕੇਂਦਰਾਂ ਦੀਆਂ ਇਮਾਰਤਾਂ ਖੰਡਰ ਬਣ ਰਹੀਆਂ ਹਨ। ਜਿਸ ਨਾਲ ਸਰਕਾਰੀ ਸੰਪਤੀ ਨੂੰ ਲੱਖਾਂ ਦਾ ਨੁਕਸਾਨ ਪੁੱਜ ਰਿਹਾ ਹੈ ਜਿਸ ਸਬੰਧੀ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਤੇ ਕਰਮਚਾਰੀ ਦਾ ਇਧਰ ਕੋਈ ਵੀ ਧਿਆਨ ਨਹੀਂ।
ਉਨ੍ਹਾਂ ਦੱਸਿਆ ਕਿ ਪਿੰਗਲਵਾੜੇ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੇ ਜੱਦੀ ਪਿੰਡ ਰਾਜੇਵਾਲ ਵਿਖੇ ਬਣੇ ਸੇਵਾ ਕੇਦਰ ਦੀ ਹਾਲਤ ਬਹੁਤ ਹੀ ਤਰਸਯੋਗ ਬਣ ਚੁੱਕੀ ਹੈ। ਸੇਵਾ ਕੇਂਦਰ ਦੀ ਇਮਰਾਤ ਦੀਆਂ ਤਾਕੀਆਂ ਦੇ ਸ਼ੀਸ਼ੇ ਟੁੱਟ ਚੁੱਕੇ ਹਨ, ਜੇਕਰ ਸੇਵਾ ਕੇਂਦਰ ਦੇ ਅੰਦਰ ਝਾਤ ਮਾਰੀਏ ਤਾਂ ਸੇਵਾ ਕੇਂਦਰ ਦੇ ਵਿੱਚ ਕੋਈ ਵੀ ਸਾਮਾਨ ਨਜ਼ਰ ਨਹੀਂ ਆਉਂਦਾ ਇੰਝ ਲੱਗਦਾ ਹੈ ਜਿਵੇਂ ਚੋਰਾਂ ਵੱਲੋਂ ਸੇਵਾ ਕੇਂਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ। ਲੱਖਾਂ ਦੀ ਰਕਮ ਦਾ ਜਰਨੇਟਰ ਜੋਂ ਸੇਵਾ ਕੇਂਦਰ ਲਈ ਲਗਾਇਆ ਹੋਇਆ ਸੀ ਉਸ ਜਰਨੇਟਰ ਦੇ ਆਲੇ ਦੁਆਲੇ ਦਰੱਖਤ ਤੇ ਘਾਹ ਉਗਿਆ ਪਿਆ ਹੈ ਜਿਸ ਕਰਕੇ ਲੱਖਾਂ ਦਾ ਜਰਨੇਟਰ ਵੀ ਕਬਾੜ ਬਣ ਚੁੱਕਾ ਹੈ।
ਬੈਨੀਪਾਲ ਨੇ ਅੱਗੇ ਕਿਹਾ ਕਿ ਜੇਕਰ ਦੇਖਿਆ ਜਾਵੇ ਤਾਂ ਖੰਨਾ ਤਹਿਸੀਲ ’ਚ ਬੰਦ ਪਏ ਸੇਵਾ ਕੇਂਦਰਾਂ ਕਰਕੇ ਲੋਕ ਆਏ ਦਿਨ ਖੱਜਲ ਖੁਆਰ ਹੋ ਰਿਹੈ ਹਨ ਜੋ ਸੇਵਾ ਕੇਂਦਰ ਖੰਨਾ ਸ਼ਹਿਰ ’ਚ ਚੱਲਦੇ ਹਨ ਉਥੇ ਕੰਮ ਕਰਵਾਉਣ ਆਏ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। ਜੇਕਰ ਇਹ ਪਿੰਡਾਂ ਵਿੱਚ ਬਣੇ ਸੇਵਾ ਕੇਂਦਰਾਂ ਨੂੰ ਸਰਕਾਰ ਚੱਲਦੇ ਕਰ ਦੇਵੇ ਤਾਂ ਲੋਕਾਂ ਦੀਆਂ ਮੁਸ਼ਕਿਲਾਂ ਘੱਟ ਜਾਣਗੀਆਂ ਤੇ ਪਿੰਡਾਂ ਦੇ ਲੋਕ ਸ਼ਹਿਰ ਦੇ ਚੱਕਰਾਂ ਤੋਂ ਬਚ ਜਾਣਗੇ। ਬੈਨੀਪਾਲ ਅਤੇ ਇਲਾਕਾ ਨਿਵਾਸੀਆਂ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਖੰਨਾ ਸ਼ਹਿਰ ਦੇ ਪਿੰਡਾਂ ਵਿੱਚ ਬਣੇ ਸੇਵਾ ਕੇਂਦਰਾਂ ਨੂੰ ਜ਼ਲਦ ਚਾਲੂ ਕੀਤਾ ਜਾਵੇ ਜਿਸ ਨਾਲ ਲੋਕ ਆਪਣੇ ਕੰਮ ਪਿੰਡਾਂ ਦੇ ਸੇਵਾ ਕੇਂਦਰਾਂ ਤੋਂ ਕਰਵਾ ਸਕਣ।
ਇਸ ਮੌਕੇ ਹਰਮੇਸ਼ ਸਿੰਘ ਫ਼ੌਜੀ ਰੋਹਣੋ, ਨੰਬਰਦਾਰ ਗੁਰਪ੍ਰੀਤ ਸਿੰਘ ਰਾਜੇਵਾਲ, ਨੰਬਰਦਾਰ ਦਵਿੰਦਰ ਸਿੰਘ, ਨੰਬਰਦਾਰ ਅਮਰੀਕ ਸਿੰਘ, ਭੁਪਿੰਦਰ ਸਿੰਘ ਰੋਹਣੋ, ਜਾਗਰ ਸਿੰਘ ਫ਼ੌਜੀ, ਗੁਰਦੀਪ ਸਿੰਘ ਤੇ ਸਵਰਨ ਸਿੰਘ ਰੋਹਣੋ ਆਦਿ ਨੇ ਸੂਬਾ ਸਰਕਾਰ ਨੂੰ ਇਧਰ ਧਿਆਨ ਦੇਣ ਲਈ ਆਖਿਆ ਹੈ।