ਰਿਸ਼ਵਤ ਮੰਗਣ ਦੇ ਦੋਸ਼ ਹੇਠ ਤਹਿਸੀਲ ਦਫ਼ਤਰ ਦਾ ਸੇਵਾਦਾਰ ਮੁਅੱਤਲ
ਇਥੇ ਤਹਿਸੀਲ ਵਿੱਚ ਕਾਂਗਰਸੀ ਆਗੂ ਦੀ ਰਜਿਸਟਰੀ ਕਰਨ ਬਦਲੇ ਦਫ਼ਤਰ ਦੇ ਇੱਕ ਸੇਵਾਦਾਰ ਨੇ ਤਹਿਸੀਲਦਾਰ ਦੇ ਨਾਂ ’ਤੇ ਰਿਸ਼ਵਤ ਮੰਗੀ ਸੀ, ਜਿਸ ਖ਼ਿਲਾਫ਼ ਕਾਰਵਾਈ ਕਰਦਿਆਂ ਅੱਜ ਉਕਤ ਸੇਵਾਦਾਰ ਕਰਨਵੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਡੀਸੀ ਲੁਧਿਆਣਾ ਵੱਲੋਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕਾਂਗਰਸੀ ਹਲਕਾ ਇੰਚਾਰਜ ਦੇ ਸਾਰੇ ਦਸਤਾਵੇਜ਼ ਪੂਰੇ ਹੋਣ ਦੇ ਬਾਵਜੂਦ ਰਜਿਸਟਰੇਸ਼ਨ ਵਿੱਚ ਦੇਰੀ ਹੋਣ ਬਾਰੇ ਮੁੱਖ ਸਕੱਤਰ ਨੂੰ ਸ਼ਿਕਾਇਤ ਕੀਤੀ ਗਈ ਸੀ। ਇਸ ਸਬੰਧੀ 19 ਅਸਗਤ ਨੂੰ ਖੰਨਾ ਤਹਿਸੀਲ ਵਿੱਚ 9 ਕਨਾਲ ਜ਼ਮੀਨ ਦੀ ਸੇਲ ਡੀਡ ਆਨਲਾਈਨ ਜਮ੍ਹਾਂ ਕਰਵਾਈ ਗਈ ਸੀ। ਨਿਯਮਾਂ ਅਨੁਸਾਰ ਇਸ ’ਤੇ 20 ਅਗਸਤ ਸ਼ਾਮ 5 ਵਜੇ ਤੱਕ ਬਣਦੀ ਕਾਰਵਾਈ ਕੀਤੀ ਜਾਣੀ ਸੀ। ਸ਼ਿਕਾਇਤਕਰਤਾ ਇੰਦਰਜੀਤ ਸਿੰਘ ਅਨੁਸਾਰ ਕਾਂਗਰਸੀ ਆਗੂ ਨੇ ਵਿਦੇਸ਼ ਜਾਣਾ ਸੀ। ਇਸ ਲਈ ਉਸ ਨੇ ਜਲਦੀ ਪ੍ਰੀਕਿਰਿਆ ਪੂਰੀ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਸੇਵਾਦਾਰ ਨੇ ਸ਼ਿਕਾਇਤਕਰਤਾ ਨਾਲ ਸੰਪਰਕ ਕੀਤਾ ਅਤੇ ਰਿਸ਼ਵਤ ਦੀ ਮੰਗ ਕੀਤੀ ਜਿਸ ’ਤੇ ਮੁੱਖ ਸਕੱਤਰ ਨੂੰ ਸ਼ਿਕਾਇਤ ਕੀਤੀ ਗਈ।
ਦੂਜੇ ਪਾਸੇ ਤਹਿਸੀਲਦਾਰ ਕਿਰਨਦੀਪ ਕੌਰ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਦੋਂ ਉਨ੍ਹਾਂ ਨੂੰ ਸੇਵਾਦਾਰ ਕਰਨਵੀਰ ਸਿੰਘ ਦੀ ਮੁਅੱਤਲੀ ਬਾਰੇ ਪੁੱਛਿਆ ਗਿਆ ਕਿ ਉਸ ਦੀ ਮੁਅੱਤਲੀ ਕਿਸ ਆਧਾਰ ’ਤੇ ਕੀਤੀ ਗਈ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਅਜੇ ਜਾਂਚ ਚੱਲ ਰਹੀ ਹੈ।