ਪੀ.ਏ.ਯੂ. ਵਿੱਚ ਅੱਜ ਹਾੜੀ ਦੀਆਂ ਫ਼ਸਲਾਂ ਲਈ ਖੋਜ ਅਤੇ ਪਾਸਾਰ ਮਾਹਿਰਾਂ ਦੀ ਦੋ ਰੋਜ਼ਾ ਵਰਕਸ਼ਾਪ ਆਰੰਭ ਹੋਈ। ਇਸ ਵਰਕਸ਼ਾਪ ਵਿੱਚ ਪੀਏਯੂ, ਕ੍ਰਿਸ਼ੀ ਵਿਗਿਆਨ ਕੇਂਦਰਾਂ, ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਅਤੇ ਖੇਤੀਬਾੜੀ ਵਿਭਾਗ ਦੇ ਖੋਜ ਅਤੇ ਪਸਾਰ ਮਾਹਿਰ ਹਿੱਸਾ ਲੈ ਰਹੇ ਹਨ। ਪਹਿਲੇ ਸੈਸ਼ਨ ਦੇ ਮੁੱਖ ਮਹਿਮਾਨ ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਸਨ ਜਦਕਿ ਵਿਸ਼ੇਸ਼ ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਡਾ. ਜਸਵੰਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਡਾ. ਗੋਸਲ ਨੇ ਦੱਸਿਆ ਕਿ ਮੌਜੂਦਾ ਸੀਜ਼ਨ ਵਿੱਚ ਨਰਮੇ ਦੀ ਫਸਲ ਬਿਹਤਰੀਨ ਲੱਗਦੀ ਹੈ, ਪਰ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਤੋਂ ਬਚਾਆ ਲਈ ਕਿਸਾਨਾਂ ਨੂੰ ਮਾਹਿਰਾਂ ਦੀ ਨਿਗਰਾਨੀ ਹੇਠ ਲਗਾਤਾਰ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ। ਝੋਨੇ ਦੇ ਮਧਰੇਪਣ ਦੀ ਜੋ ਸਮੱਸਿਆ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਦੇਖਣ ਨੂੰ ਮਿਲੀ ਉਹ ਇੱਕ ਵਿਸ਼ੇਸ਼ ਵਾਇਰਸ ਕਾਰਨ 2022 ਤੋਂ ਬਾਅਦ ਇਸ ਵਾਰ ਫਿਰ ਦੇਖਣ ਨੂੰ ਮਿਲੀ ਹੈ। ਇਹ ਵਾਇਰਸ ਨਿੱਜੀ ਕੰਪਨੀਆਂ ਵੱਲੋਂ ਗੈਰ ਸਿਫਾਰਸ਼ੀ ਬੀਜਾਂ ਰਾਹੀਂ ਫੈਲਿਆ ਹੋਣ ਦੀ ਸੰਭਾਵਨਾ ਹੈ।
ਡਾ. ਜਸਵੰਤ ਸਿੰਘ ਨੇ ਕਿਹਾ ਕਿ ਖੋਜੀਆਂ ਅਤੇ ਪਸਾਰ ਮਾਹਿਰਾਂ ਦੀ ਅਜਿਹੀ ਇਕੱਤਰਤਾ ਦੀ ਮਿਸਾਲ ਮਿਲਣਾ ਔਖਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਅਤੇ ਯੂਨੀਵਰਸਿਟੀ ਵਿਚਕਾਰ ਤਾਲਮੇਲ ਨੂੰ ਹੋਰ ਬਿਹਤਰ ਢੰਗ ਨਾਲ ਲਾਗੂ ਕਰਕੇ ਇਹ ਤਕਨਾਲੋਜੀਆਂ ਕਿਸਾਨਾਂ ਦੀ ਬਿਹਤਰੀ ਲਈ ਉਹਨਾਂ ਤੱਕ ਪਹੁੰਚਾਈਆਂ ਜਾ ਸਕਦੀਆਂ ਹਨ। ਪਿਛਲੇ ਸਾਲ ਦੇ 99 ਹਜ਼ਾਰ ਹੈਕਟੇਅਰ ਦੇ ਮੁਕਾਬਲੇ ਇਸ ਵਰੇ ਨਰਮੇ ਦੀ ਬਿਜਾਈ ਹੇਠ ਰਕਬਾ ਇਕ ਲੱਖ ਇਕ ਲੱਖ 19 ਹਜ਼ਾਰ ਹੈਕਟੇਅਰ ਹੋ ਗਿਆ ਹੈ। ਇਸੇ ਤਰ੍ਹਾਂ ਝੋਨੇ ਦੀ ਸਿੱਧੀ ਬਿਜਾਈ ਹੇਠ ਪਿਛਲੇ ਸਾਲ ਰਕਬਾ 2 ਲੱਖ 53 ਹਜ਼ਾਰ ਏਕੜ ਸੀ ਜੋ ਵਧ ਕੇ 2 ਲੱਖ 93 ਹਜ਼ਾਰ ਏਕੜ ਹੋਇਆ ਹੈ। ਬਾਸਮਤੀ ਹੇਠਲਾ ਰਕਬਾ ਪੰਜ ਲੱਖ 96 ਹਜ਼ਾਰ ਤੋਂ ਵੱਧ ਕੇ ਛੇ ਲੱਖ 83 ਹਜ਼ਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਜੀਵਾਣੂ ਖਾਦਾਂ ਦੀਆਂ ਪ੍ਰਯੋਗਸ਼ਾਲਾਵਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਨਮੂਨਿਆਂ ਦੀ ਪਰਖ ਛੇਤੀ ਹੋ ਸਕੇ। ਉਨ੍ਹਾਂ ਕਿਹਾ ਕਿ ਦੋਵਾਂ ਸੰਸਥਾਵਾਂ ਦੀ ਸਾਂਝ ਪੰਜਾਬ ਦੀ ਕਿਸਾਨੀ ਲਈ ਲਾਹੇਵੰਦ ਹੋ ਰਹੀ ਹੈ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਆਉਂਦੇ ਹਾੜੀ ਸੀਜ਼ਨ ਦੌਰਾਨ ਪੀ.ਏ.ਯੂ. ਦੀਆਂ ਖੋਜ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਇਸ ਸੈਸ਼ਨ ਵਿੱਚ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਸਭ ਦਾ ਸਵਾਗਤ ਕੀਤਾ। ਇਸ ਸੈਸ਼ਨ ਦਾ ਮੰਚ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ। ਅੰਤ ਵਿੱਚ ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਇਸ ਦੌਰਾਨ ਮਾਹਿਰਾਂ ਨੇ ’ਵਰਸਿਟੀ ਦੇ ਵੱਖ ਵੱਖ ਵਿਭਾਗਾਂ ਵੱਲੋਂ ਲਾਏ ਸਟਾਲਾਂ ਦਾ ਦੌਰਾ ਵੀ ਕੀਤਾ।