ਸੀਚੇਵਾਲ ਵੱਲੋਂ ਬੁੱਢੇ ਦਰਿਆ ’ਤੇ ਚੌਕਸੀ ਵਧਾਉਣ ਦਾ ਸੱਦਾ
ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਬੁੱਢੇ ਦਰਿਆ ਦੀ ਚੱਲ ਰਹੀ ਕਾਰਸੇਵਾ ਦੌਰਾਨ ਅੱਜ ਅੰਮ੍ਰਿਤ ਧਰਮ ਕੰਢੇ ਦੀ ਪੁੱਲੀ ਤੋਂ ਬੁੱਢੇ ਦਰਿਆ ਵਿਚਲੇ ਪਾਣੀ ਦਾ ਟੀਡੀਐੱਸ ਚੈੱਕ ਕੀਤਾ ਜੋ 670 ਦੇ ਕਰੀਬ ਆਇਆ। ਇਸ ਨੂੰ ਕਾਰਸੇਵਾ ਰਾਹੀਂ ਬੁੱਢੇ ਦਰਿਆ ਦੇ ਬਦਲਦੇ ਸਰੂਪ ਵਿੱਚ ਇੱਕ ਸਿਫ਼ਤੀ ਤਬਦੀਲੀ ਦੇ ਰੂਪ ਵਜੋਂ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਥਾਂ ’ਤੇ ਮਹੀਨਾ ਪਹਿਲਾਂ ਪਾਣੀ ਪੂਰੀ ਤਰ੍ਹਾਂ ਨਾਲ ਕਾਲਾ ਤੇ ਟੀਡੀਐੱਸ ਵੀ ਹਜ਼ਾਰ ਤੋਂ ਉਪਰ ਹੁੰਦਾ ਸੀ। ਸੰਤ ਸੀਚੇਵਾਲ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਇੱਥੋਂ ਬੁੱਢੇ ਦਰਿਆ ਵਿੱਚ ਪੈ ਰਹੇ ਪਾਣੀਆਂ ਦੇ ਨਮੂਨੇ ਭਰਨ ਦੇ ਹੁਕਮ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਇੱਥੇ ਸਨਅਤਾਂ ਦਾ ਜ਼ਹਿਰੀਲਾ ਪਾਣੀ ਹਾਲੇ ਵੀ ਬਰਸਾਤੀ ਸੀਵਰ ਰਾਹੀਂ ਬੁੱਢੇ ਦਰਿਆ ਵਿੱਚ ਆ ਰਿਹਾ ਹੈ। ਸੰਤ ਸੀਚੇਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੁੱਢੇ ਦਰਿਆ ਨੂੰ ਪਲੀਤ ਕਰ ਰਹੀਆਂ ਧਿਰਾਂ ਵਿਰੁੱਧ ਸਖ਼ਤੀ ਨਾਲ ਪੇਸ਼ ਆਇਆ ਜਾਵੇ। ਉਨ੍ਹਾਂ ਪੀਪੀਸੀਬੀ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਦਰਿਆ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਦੀ ਭਾਲ ਕਰ ਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਦੇ ਨਿਰਦੇਸ਼ ਦਿੱਤੇ।
ਸੰਤ ਸੀਚੇਵਾਲ ਨੇ ਕਿਹਾ ਕਿ ਬੁੱਢੇ ਦਰਿਆ ਵਿੱਚ ਪੈ ਰਹੇ ਜ਼ਹਿਰੀਲੇ ਪਾਣੀ ਨੂੰ ਅਧਿਕਾਰੀਆਂ ਵੱਲੋਂ ਨਾ ਰੋਕਣ ਕਾਰਨ ਪੰਜਾਬ ਸਰਕਾਰ ਦੀ ਬਦਨਾਮੀ ਹੋ ਰਹੀ ਹੈ ਜਦੋਂਕਿ ਇਹ ਜ਼ਿੰਮੇਵਾਰੀ ਅਧਿਕਾਰੀਆਂ ਅਤੇ ਖ਼ਾਸ ਕਰ ਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨਿਭਾਉਣੀ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਇੱਕ-ਦੂਜੇ ਸਿਰ ਦੋਸ਼ ਮੜ੍ਹ ਕੇ ਨਾ ਮਸਲਾ ਹੱਲ ਹੋਣਾ ਹੈ ਤੇ ਨਾ ਹੀ ਦਰਿਆ ਸਾਫ਼ ਹੋਣਾ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਪਿਛਲੇ ਪੰਜ ਮਹੀਨਿਆਂ ਤੋਂ ਲਗਾਤਾਰ ਮਸ਼ੀਨਾਂ ਰਾਹੀਂ ਬੁੱਢੇ ਦਰਿਆ ਦੀ ਸਤਹਿ ’ਤੇ ਜੰਮ੍ਹੀ ਗਾਰ ਕੱਢਣ ਨਾਲ ਹੁਣ ਇੱਥੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਆਇਆ ਹੈ। ਉਨ੍ਹਾਂ ਬੁੱਢੇ ਦਰਿਆ ’ਤੇ ਚੌਕਸੀ ਵਧਾਉਣ ਦਾ ਸੱਦਾ ਦਿੰਦਿਆਂ ਲੋਕਾਂ ਨੂੰ ਸੇਵਾ ਰਾਹੀਂ ਬੁੱਢੇ ਦਰਿਆ ਦੇ ਸਰੂਪ ਨੂੰ ਸੰਭਾਲਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਬੱਤ ਦੇ ਭਲੇ ਲਈ ਸੇਵਾ ਦੇ ਚੱਲ ਰਹੇ ਇਨ੍ਹਾਂ ਕਾਰਜਾਂ ਨਾਲ ਮਾਲਵੇ ਤੇ ਰਾਜਸਥਾਨ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਇਸ ਦੌਰਾਨ ਨਗਰ ਨਿਗਮ ਵਿਭਾਗ ਤੋਂ ਐਕਸੀਅਨ ਏਕਜੋਤ ਸਿੰਘ, ਐੱਸਡੀਓ ਅੰਮ੍ਰਿਤਪਾਲ ਸਿੰਘ, ਜੇਈ ਗੁਰਜੀਤ ਸਿੰਘ, ਪੀਪੀਸੀਬੀ ਤੋਂ ਐੱਸਈ ਕੁਲਦੀਪ ਸਿੰਘ, ਐੱਸਡੀਓ ਸਿਮਰਪ੍ਰੀਤ ਸਿੰਘ ਅਤੇ ਖਿਲਾਡੀ ਵੱਲੋਂ ਮੈਨੇਜਰ ਆਨੰਦ ਆਦਿ ਮੌਜੂਦ ਸਨ।