ਬੁੱਢਾ ਨਾਲਾ: ਸੀਚੇਵਾਲ ਨੇ ਐਕਸ਼ਨ ਕਮੇਟੀ ਅੱਗੇ ਰੱਖੀ ਸਮੀਖਿਆ ਰਿਪੋਰਟ
ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਅਗਵਾਈ ਕਰ ਰਹੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਬਲਿਕ ਐਕਸ਼ਨ ਕਮੇਟੀ (ਪੀਏਸੀ) ਬੁੱਢਾ ਦਰਿਆ ਦੇ ਨੁਮਾਇੰਦਿਆਂ ਨੂੰ ਕਾਰ ਸੇਵਾ ਰਾਹੀਂ ਹੋਈ ਕਾਰਗੁਜ਼ਾਰੀ ਤੋਂ ਜਾਣੂ ਕਰਵਾਇਆ। ਕਮੇਟੀ ਦੀ ਅਗਵਾਈ ਸੇਵਾ ਮੁਕਤ ਕਰਨਲ ਸੀਐੱਮ ਲਖਨਪਾਲ ਕਰ ਰਹੇ ਸਨ ਜਦਕਿ ਹੋਰਨਾਂ ਨੁਮਾਇੰਦਿਆਂ ਵਿੱਚ ਐਡਵੋਕੇਟ ਯੋਗੇਸ਼ ਖੰਨਾ, ਮਹਿੰਦਰ ਸਿੰਘ ਸੇਖੋਂ, ਦਾਨ ਸਿੰਘ ਓਸਾਨ, ਅਮੀਨ ਲਖਨਪਾਲ, ਗੁਰਪ੍ਰੀਤ ਸਿੰਘ ਗੋਪੀ ਸ਼ਾਮਿਲ ਸਨ। ਇਸ ਮੌਕੇ ਬਾਬਾ ਸੀਚੇਵਾਲ ਨੇ ਕਮੇਟੀ ਨੁਮਾਇੰਦਿਆਂ ਨੂੰ ਬੁੱਢੇ ਦਰਿਆ ਦੇ ਪਾਣੀ ਦਾ ਟੀਡੀਐੱਸ ਵੀ ਚੈੱਕ ਕਰਵਾਇਆ ਜੋ 138 ਸੀ।
ਇਸ ਦੌਰਾਨ ਬਾਬਾ ਸੀਚੇਵਾਲ ਨੇ ਦੱਸਿਆ ਕਿ ਪੇਂਡੂ ਖੇਤਰ ਵਿੱਚ ਨਾਜਾਇਜ਼ ਤੌਰ ’ਤੇ ਚੱਲ ਰਹੀਆਂ ਡੇਅਰੀਆਂ ਦਾ ਸਾਰਾ ਗੋਹਾ ਬੁੱਢੇ ਦਰਿਆ ਵਿੱਚ ਸੁੱਟਿਆ ਜਾ ਰਿਹਾ ਸੀ। ਇਸੇ ਤਰ੍ਹਾਂ ਡਾਇੰਗਾਂ ਦਾ ਗੰਦਾਂ ਤੇ ਜ਼ਹਿਰੀਲਾ ਪਾਣੀ ਦਰਿਆ ਵਿੱਚ ਪਾਇਆ ਜਾ ਰਿਹਾ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ 22 ਦਸੰਬਰ 2024 ਤੋਂ ਸ਼ੁੂ ਕੀਤੀ ਗਈ ਦੂਜੇ ਪੜਾਅ ਦੀ ਕਾਰ ਸੇਵਾ ਹੁਣ 211 ਦਿਨਾਂ ਵਿੱਚ ਦਾਖਲ ਹੋ ਗਈ ਹੈ। ਇੰਨ੍ਹਾਂ 7 ਮਹੀਨਿਆਂ ਦੌਰਾਨ 79 ਡੇਅਰੀਆਂ ਦਾ ਗੋਹਾ ਦਰਿਆ ਵਿੱਚ ਸੁੱਟਣ ਤੋਂ ਬੰਦ ਕਰਵਾਇਆ ਗਿਆ ਹੈ। ਇਸੇ ਕਾਰਨ ਪਿੰਡ ਭੂਖੜੀ ਖੁਰਦ ਵਿੱਚ 14 ਅਪਰੈਲ, 2025 ਦੀ ਵਿਸਾਖੀ ਮਨਾਈ ਗਈ ਸੀ। ਪਿੰਡ ਦੇ ਲੋਕਾਂ ਨੇ 40 ਸਾਲ ਬਾਅਦ ਬੁੱਢੇ ਦਰਿਆ ਦੇ ਪੱਤਣਾਂ ’ਤੇ ਵਿਸਾਖੀ ਮਨਾਈ ਸੀ। ਉਨ੍ਹਾਂ ਦੱਸਿਆ ਕਿ ਜਦੋਂ ਬੁੱਢਾ ਦਰਿਆ ਸ਼ਹਿਰ ਵਿੱਚ ਦਾਖਲ ਹੁੰਦਾ ਹੈ, ਉੱਥੇ ਇਸ਼ਨਾਨ ਘਾਟ ਬਣਾਏ ਗਏ ਸਨ ਜੋ ਇਸ ਗੱਲ ਦਾ ਪ੍ਰਤੀਕ ਸਨ ਕਿ ਇੱਥੇ ਸੰਗਤਾਂ ਨੇ ਇਸ਼ਨਾਨ ਕਰਿਆ ਕਰਨਾ ਹੈ। ਇਸ ਲਈ ਦਰਿਆ ਵਿੱਚ ਪਾਏ ਜਾ ਰਹੇ ਗੰਦੇ ਪਾਣੀ ਬੰਦ ਕਰਵਾਏ ਗਏ ਸਨ। ਸੰਤ ਸੀਚੇਵਾਲ ਨੇ ਪੀਏਸੀ ਟੀਮ ਨੂੰ ਬੁੱਟਿਆਂ ਦਾ ਪ੍ਰਸ਼ਾਦ ਵੀ ਦਿੱਤਾ ਤੇ ਤਾਜ਼ਪਰ ਡੇਅਰੀਆਂ ਦਾ ਗੋਹੇ ਵਾਲੇ ਪਾਣੀ ਨੂੰ ਦੇਸੀ ਤਕਨੀਕ ਨਾਲ ਸੀਚੇਵਾਲ ਮਾਡਲ ਰਾਹੀਂ ਪਾਣੀ ਨੂੰ ਸਾਫ ਕਰਨ ਵਾਲਾ ਮਾਡਲ ਵੀ ਦਿਖਾਇਆ ਜੋ ਡੇਅਰੀਆਂ ਦੇ ਗੋਹੇ ਅਤੇ ਗੰਦੇ ਪਾਣੀ ਨੂੰ ਦਰਿਆ ਵਿੱਚ ਜਾਣ ਤੋਂ ਰੋਕਦਾ ਹੈ।