ਸਕੂਲ ਖੇਡਾਂ: ਲੜਕੀਆਂ ਦੀ 400 ਮੀਟਰ ਦੌੜ ਜਲੰਧਰ ਦੀ ਮਾਇਆ ਨੇ ਜਿੱਤੀ
ਪਟਿਆਲਾ ਦੀ ਗੁਰਮਨਦੀਪ ਕੌਰ ਦੂਜੇ ਤੇ ਸੰਗਰੂਰ ਦੀ ਖੁਸ਼ਪ੍ਰੀਤ ਤੀਜੇ ਸਥਾਨ ’ਤੇ ਰਹੀਅਾਂ
ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਕਰਵਾਈਆਂ ਜਾ ਰਹੀਆਂ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਅੱਜ ਤੀਜੇ ਦਿਨ ਕਈ ਰੌਚਕ ਮੁਕਾਬਲੇ ਦੇਖਣ ਨੂੰ ਮਿਲੇ। ਇਨ੍ਹਾਂ ਮੁਕਾਬਲਿਆਂ ਵਿੱਚੋਂ ਲੜਕੀਆਂ ਅੰਡਰ-19 ਵਰਗ ਦੀ 400 ਮੀਟਰ ਦੌੜ ਵਿੱਚੋਂ ਜਲੰਧਰ ਦੀ ਮਾਇਆ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦ ਕਿ ਪਟਿਆਲਾ ਦੀ ਗੁਰਮਨਦੀਪ ਕੌਰ ਦੂਜੇ ਅਤੇ ਸੰਗਰੂਰ ਦੀ ਖੁਸ਼ਪ੍ਰੀਤ ਤੀਜੇ ਸਥਾਨ ’ਤੇ ਰਹੀਆਂ। ਮੁਕਾਬਲਿਆਂ ਦੇ ਤੀਜੇ ਦਿਨ ਲੜਕੀਆਂ ਅੰਡਰ-19 ਦੇ 400 ਮੀਟਰ ਦੌੜ ਮੁਕਾਬਲੇ ਵਿੱਚ ਜਲੰਧਰ ਦੀ ਮਾਇਆ, ਪਟਿਆਲਾ ਦੀ ਗੁਰਮਨਦੀਪ ਕੌਰ ਅਤੇ ਸੰਗਰੂਰ ਦੀ ਖੁਸ਼ਪ੍ਰੀਤ ਕੌਰ, ਲੜਕੀਆਂ ਅੰਡਰ-17 ਦੀ 400 ਮੀਟਰ ਦੌੜ ਵਿੱਚੋਂ ਸੰਗਰੂਰ ਦੀ ਸਾਹਿਨੂਰ ਬਾਵਾ, ਤਰਨ ਤਾਰਨ ਦੀ ਜਸ਼ਨਦੀਪ ਕੌਰ ਅਤੇ ਹੁਸ਼ਿਆਰਪੁਰ ਦੀ ਜੈਸਿਕਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਵਰਗ ਦੇ 200 ਮੀਟਰ ਦੌੜ ਮੁਕਾਬਲੇ ਵਿੱਚ ਸੰਗਰੂਰ ਦੀ ਕਸ਼ਿਸ਼ ਨੇ ਪਹਿਲਾ, ਪਟਿਆਲਾ ਦੀ ਮਨਮੀਤ ਕੌਰ ਨੇ ਦੂਜਾ ਜਦਕਿ ਤਰਨ ਤਾਰਨ ਦੀ ਜਸ਼ਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਅੰਡਰ-17 ਵਰਗ ਦੇ ਜੈਵਲਿਨ ਮੁਕਾਬਲੇ ਵਿੱਚ ਸੰਗਰੂਰ ਦੀ ਮਨਪ੍ਰੀਤ ਕੌਰ ਨੇ ਪਹਿਲਾ, ਮੁਕਤਸਰ ਦੀ ਵੀਰਪਾਲੀ ਨੇ ਦੂਜਾ ਅਤੇ ਬਠਿੰਡਾ ਦੀ ਕੋਮਲਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਅੰਡਰ-14 ਦੇ 600 ਮੀਟਰ ਦੌੜ ਮੁਕਾਬਲੇ ਵਿੱਚ ਐੱਸ ਏ ਐੱਸ ਨਗਰ ਦੀ ਪ੍ਰੀਤ ਨੇ ਪਹਿਲਾ, ਫਤਿਹਗੜ੍ਹ ਸਾਹਿਬ ਦੀ ਮੰਨਤ ਕੌਰ ਨੇ ਦੂਜਾ ਜਦਕਿ ਲੁਧਿਆਣਾ ਦੀ ਅਦੀਪ ਕੌਰ ਨੇ ਤੀਜਾ ਥਾਂ ਲਿਆ। ਇਸੇ ਤਰ੍ਹਾਂ ਲੜਕੇ ਅੰਡਰ-19 ਦੇ ਕਰੋਸ ਕੰਟਰੀ ਮੁਕਾਬਲੇ ਵਿੱਚ ਅਮ੍ਰਿਤਸਰ ਦੇ ਜਸ਼ਨਪ੍ਰੀਤ ਸਿੰਘ ਨੇ ਪਹਿਲਾ ਅਤੇ ਕਰਨਵੀਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕੇ ਅੰਡਰ-19 ਦੇ ਜੈਵਲਿਨ ਥਰੋ ਮੁਕਾਬਲੇ ਵਿੱਚ ਜਲੰਧਰ ਦੇ ਹਮੀਤ ਵਿਬਲਾਨੀ ਨੇ ਪਹਿਲਾ, ਬਠਿੰਡਾ ਦੇ ਕਰਮਜੀਤ ਸਿੰਘ ਨੇ ਦੂਜਾ ਅਤੇ ਪਟਿਆਲਾ ਦੇ ਲਕਸ਼ ਮੱਟੂ ਨੇ ਤੀਜਾ, ਲੜਕੇ ਅੰਡਰ-19 ਟਰਿਪਲ ਜੰਪ ਵਿੱਚੋਂ ਸੰਗਰੂਰ ਦੇ ਜਗਮੇਲ ਸਿੰਘ ਨੇ ਪਹਿਲਾ, ਤਰਨ ਤਾਰਨ ਦੇ ਉਦੇਵੀਰ ਸਿੰਘ ਨੇ ਦੂਜਾ ਜਦਕਿ ਫਾਜ਼ਿਲਕਾ ਦੇ ਤੀਰਥਰਾਜ ਨੇ ਤੀਜਾ, ਲੜਕੇ ਅੰਡਰ-17 ਪੋਲ ਵਾਟਰ ਦੇ ਮੁਕਾਬਲੇ ਵਿੱਚੋਂ ਹੁਸ਼ਿਆਰਪੁਰ ਦੇ ਪ੍ਰੇਮ ਪਾਲ ਨੇ ਪਹਿਲਾ, ਮਾਲੇਰਕੋਟਲਾ ਦੇ ਰਣਵੀਰ ਸਿੰਘ ਨੇ ਦੂਜਾ ਅਤੇ ਮੋਗਾ ਦੇ ਹਰਪ੍ਰੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੇ ਅੰਡਰ-14 ਦੀ 600 ਮੀਟਰ ਦੌੜ ਵਿੱਚ ਸ੍ਰੀ ਮੁਕਤਸਰ ਸਾਹਿਬ ਦਾ ਅਵੀਜੋਤ ਸਿੰਘ, 200 ਮੀਟਰ ਦੌੜ ਵਿੱਚੋਂ ਜਲੰਧਰ ਦਾ ਗਿਆਨ ਰਾਈਨਾ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਹਾਰਵੈਸਟ ਟੈਨਿਸ ਅਕੈਡਮੀ ਜੱਸੋਵਾਲ ਕੁਲਰ ਵਿੱਚ ਲੜਕਿਆਂ ਦੇ ਵੱਖ ਵੱਖ ਵਰਗਾਂ ਵਿੱਚੋਂ ਅੰਡਰ-17 ਦੇ ਲਾਅਨ ਟੈਨਿਸ ਮੁਕਾਬਲੇ ’ਚ ਸੰਗਰੂਰ ਨੇ ਹੁਸ਼ਿਆਰਪੁਰ ਨੂੰ 2-0 ਨਾਲ, ਦੂਜੇ ਮੈਚ ਵਿੱਚ ਕਪੂਰਥਲਾ ਨੇ ਫਤਿਹਗੜ੍ਹ ਸਾਹਿਬ ਨੂੰ 2-0 ਨਾਲ ਹਰਾਇਆ।

