ਪੱਤਰ ਪ੍ਰੇਰਕ
ਸਮਰਾਲਾ, 10 ਜੁਲਾਈ
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈੱਨ, ਝਾੜ ਸਾਹਿਬ ’ਚ 12ਵੀਂ ਦੀਆਂ ਵਿਦਿਆਰਥਣਾਂ ਨੇ ਧਾਰਮਿਕ ਪ੍ਰੀਖਿਆ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਂਦੇ ਹੋਏ ਮੈਰਿਟ ਸੂਚੀ ਵਿਚ ਆਪਣਾ ਨਾਮ ਦਰਜ ਕਰਵਾ ਕੇ ਵਜ਼ੀਫਾ ਰਾਸ਼ੀ ਪ੍ਰਾਪਤ ਕੀਤੀ। ਧਰਮ ਪ੍ਰਚਾਰ ਕਮੇਟੀ ਵੱਲੋਂ ਲਈ ਗਈ ਪ੍ਰੀਖਿਆ ਵਿੱਚ ਸਿਮਰਨ ਕੌਰ ਨੇ ਪਹਿਲਾ, ਅਰਸ਼ਦੀਪ ਕੌਰ ਤੇ ਰੂਪਪ੍ਰੀਤ ਕੌਰ ਨੇ ਦੂਜਾ, ਰਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਅਨਮੋਲਪ੍ਰੀਤ ਕੌਰ, ਹਰਮਨ ਕੌਰ, ਜੈਸਮੀਨ ਕੌਰ, ਕੰਚਨਪ੍ਰੀਤ ਕੌਰ, ਪ੍ਰਭਜੋਤ ਕੌਰ, ਰਮਨਦੀਪ ਕੌਰ, ਮਨਪ੍ਰੀਤ ਕੌਰ, ਰਸਲੀਨ ਕੌਰ ਨੇ ਵੀ ਦਰਜੇ ਅਨੁਸਾਰ 4100, 3100 ਤੇ 2100 ਰੁਪਏ ਦੇ ਵਜ਼ੀਫੇ ਪ੍ਰਾਪਤ ਕੀਤੇ।
ਪ੍ਰਿੰਸੀਪਲ ਡਾ. ਰਜਿੰਦਰ ਕੌਰ ਨੇ ਪੇਪਰਾਂ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਸਾਰੀਆਂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਅੱਗੋਂ ਲਈ ਵੀ ਅਜਿਹੇ ਕਾਰਜ ਕਰਨ ਅਤੇ ਮੁਕਾਬਲਿਆਂ ਲਈ ਤਿਆਰ ਰਹਿਣ ਦੀ ਪ੍ਰੇਰਨਾ ਕੀਤੀ। ਕਾਲਜ ਦੀ ਲੋਕਲ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਵੱਲੋਂ ਵੀ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ, ਗੁਰਬਾਣੀ, ਰਹਿਤ ਮਰਿਯਾਦਾ ਅਤੇ ਸਿੱਖੀ ਸਰੂਪ ਨਾਲ ਜੋੜਨ ਲਈ ਹਰ ਸਾਲ ਨਵੰਬਰ ਅਤੇ ਫਰਵਰੀ ਮਹੀਨੇ ਵਿਚ ਦੇਸ਼ ਭਰ ਦੇ ਸਕੂਲਾਂ/ਕਾਲਜਾਂ ’ਚ ਧਾਰਮਿਕ ਪ੍ਰੀਖਿਆ ਕਰਵਾਈ ਜਾਦੀ ਹੈ। ਪ੍ਰੀਖਿਆ ਵਿਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਵਜੀਫੇ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ।