ਇਥੇ ਐੱਸ ਸੀ ਡੀ ਸਰਕਾਰੀ ਕਾਲਜ, ਲੁਧਿਆਣਾ ਵੱਲੋਂ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਕ੍ਰਿਕਟ ਮੁਕਾਬਲੇ ਕਰਵਾਇਆ ਜਾ ਰਿਹਾ ਹੈ। ਤਿੰਨ ਦਿਨ ਚੱਲਣ ਵਾਲੇ ਕ੍ਰਿਕਟ ਮੁਕਾਬਲਿਆਂ ਦਾ ਉਦਘਾਟਨ ਬੀਤੇ ਦਿਨ ਕਾਲਜ ਦੇ ਪ੍ਰਿੰਸੀਪਲ ਪ੍ਰੋ. (ਡਾ.) ਗੁਰਸ਼ਰਨਜੀਤ ਸਿੰਘ ਸੰਧੂ ਨੇ ਕੀਤਾ ਸੀ ਜਦਕਿ ਸ਼ਾਰੀਰੀਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਕੁਲਵੰਤ ਸਿੰਘ ਨੇ ਉਨ੍ਹਾਂ ਨੂੰ ਨਿੱਘੀ ਜੀ ਆਇਆਂ ਆਖੀ। ਇਸ ਮੌਕੇ ਪ੍ਰੋ. ਸਤਨਾਮ ਸਿੰਘ ਅਤੇ ਪ੍ਰੋ. ਅਮਨਪ੍ਰੀਤ ਕੌਰ ਵੀ ਹਾਜ਼ਰ ਸਨ।
ਅੰਤਰ ਕਾਲਜ ਕ੍ਰਿਕਟ ਮੁਕਾਬਲਿਆਂ ਦੇ ਅੱਜ ਦੂਜੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਐੱਸ ਸੀ ਡੀ ਸਰਕਾਰੀ ਕਾਲਜ, ਲੁਧਿਆਣਾ ਨੇ ਗੋਬਿੰਦ ਨੈਸ਼ਨਲ ਕਾਲਜ, ਨਰੰਗਵਾਲ ਨੂੰ 6 ਵਿਕਟਾਂ ਨਾਲ ਹਰਾ ਕੇ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ। ਦੂਜੇ ਸੈਸ਼ਨ ਵਿੱਚ ਜੀ ਜੀ ਐੱਨ ਖਾਲਸਾ ਕਾਲਜ, ਲੁਧਿਆਣਾ ਅਤੇ ਅਰਵਿੰਦੋ ਕਾਲਜ ਆਫ ਕਾਮਰਸ ਐਂਡ ਮੈਨੇਜਮੈਂਟ, ਲੁਧਿਆਣਾ ਵਿਚਕਾਰ ਰੋਮਾਂਚਕ ਮੈਚ ਖੇਡਿਆ ਗਿਆ, ਜਿਸ ਵਿੱਚ ਜੀ ਜੀ ਐੱਨ ਖਾਲਸਾ ਕਾਲਜ ਨੇ ਕੇਵਲ ਇਕ ਰਨ ਨਾਲ ਜਿੱਤ ਦਰਜ ਕੀਤੀ।
ਮੁਕਾਬਲੇ ਦੇ ਪਹਿਲੇ ਦਿਨ ਦਾ ਪਹਿਲਾ ਮੈਚ ਗੋਬਿੰਦ ਨੈਸ਼ਨਲ ਕਾਲਜ, ਨਰੰਗਵਾਲ ਅਤੇ ਕਮਲਾ ਲੋਹਟੀਆ ਸਨਾਤਨ ਧਰਮ ਕਾਲਜ, ਲੁਧਿਆਣਾ ਦੇ ਵਿਚਕਾਰ ਖੇਡਿਆ ਗਿਆ ਸੀ, ਜਿਸ ਵਿੱਚ ਗੋਬਿੰਦ ਨੈਸ਼ਨਲ ਕਾਲਜ, ਨਰੰਗਵਾਲ ਨੇ 38 ਰਨ ਨਾਲ ਜਿੱਤ ਦਰਜ ਕੀਤੀ। ਦਿਨ ਦੇ ਦੂਜੇ ਮੈਚ ਵਿੱਚ ਆਰੀਆ ਕਾਲਜ, ਲੁਧਿਆਣਾ ਅਤੇ ਮੇਜ਼ਬਾਨ ਐੱਸ ਸੀ ਡੀ ਸਰਕਾਰੀ ਕਾਲਜ, ਲੁਧਿਆਣਾ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿੱਚ ਐੱਸ ਸੀ ਡੀ ਕਾਲਜ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 7 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ।
ਕਾਲਜ ਦੇ ਪ੍ਰਿੰਸੀਪਲ ਪ੍ਰੋ. (ਡਾ.) ਗੁਰਸ਼ਰਨਜੀਤ ਸਿੰਘ ਸੰਧੂ ਨੇ ਸਾਰੀਆਂ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਖਿਡਾਰੀਆਂ ਦੀ ਖੇਡ ਭਾਵਨਾ ਦੀ ਪ੍ਰਸ਼ੰਸਾ ਕੀਤੀ।

