ਸੌਂਦ ਵੱਲੋਂ ਪੰਜ ਸਰਕਾਰੀ ਸਕੂਲਾਂ ’ਚ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ
ਨਿੱਜੀ ਪੱਤਰ ਪ੍ਰੇਰਕ
ਖੰਨਾ, 9 ਅਪ੍ਰੈਲ
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਪੰਜਾਬ ਸਿੱਖਿਆ ਕ੍ਰਾਂਤੀ’ ਪ੍ਰੋਗਰਾਮ ਤਹਿਤ ਅੱਜ ਹਲਕਾ ਖੰਨਾ ਦੇ ਪੰਜ ਸਰਕਾਰੀ ਪ੍ਰਾਇਮਰੀ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 91.36 ਲੱਖ ਰੁਪਏ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰਾਜੈਕਟਾਂ ਦੀ ਲੜੀ ਦਾ ਉਦਘਾਟਨ ਕੀਤਾ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਸਰਕਾਰੀ ਹਾਈ ਸਕੂਲ ਬੁੱਲ੍ਹੇਪੁਰ ਵਿੱਚ 18.75 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ, 14 ਲੱਖ, 59 ਹਜ਼ਾਰ 820 ਰੁਪਏ ਲਾਗਤ ਨਾਲ ਸਮਾਰਟ ਕਲਾਸਰੂਮ ਅਤੇ 2.50 ਲੱਖ ਰੁਪਏ ਦੀ ਲਾਗਤ ਬਾਥਰੂਮ ਤਿਆਰ ਕਰਵਾਏ ਗਏ। ਸਰਕਾਰੀ ਪ੍ਰਾਇਮਰੀ ਸਕੂਲ ਬਾਜੀਗਰ ਬਸਤੀ ਭਾਦਲਾ ਵਿਚ 1.68 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ, 7.51 ਲੱਖ ਰੁਪਏ ਦੀ ਲਾਗਤ ਨਾਲ ਕਮਰੇ ਤਿਆਰ ਕਰਵਾਏ ਗਏ ਅਤੇ 3 ਲੱਖ 44 ਹਜ਼ਾਰ 479 ਰੁਪਏ ਦੀ ਲਾਗਤ ਸਕੂਲ ਰਿਪੇਅਰ ਕਰਵਾਈ ਗਈ। ਸਰਕਾਰੀ ਪ੍ਰਾਇਮਰੀ ਸਕੂਲ ਗਲਵੱਡੀ ਵਿਚ 15 ਲੱਖ ਰੁਪਏ ਦੀ ਲਾਗਤ ਨਾਲ ਦੋ ਕਲਾਸਰੂਮ, 2.31 ਲੱਖ ਰੁਪਏ ਦੀ ਲਾਗਤ ਨਾਲ ਦੋ ਬਾਥਰੂਮ ਅਤੇ 3 ਲੱਖ ਰੁਪਏ ਦੀ ਲਾਗਤ ਚਾਰਦੀਵਾਰੀ ਦੀ ਰਿਪੇਅਰ ਕਰਵਾਈ ਗਈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਸੂਲੜਾ ਵਿੱਚ 18 ਲੱਖ 47 ਹਜ਼ਾਰ 500 ਰੁਪਏ ਦੀ ਲਾਗਤ ਨਾਲ ਤਿੰਨ ਕਲਾਸਰੂਮ ਤਿਆਰ ਕਰਵਾਏ ਗਏ। ਸਰਕਾਰੀ ਪ੍ਰਾਇਮਰੀ ਸਕੂਲ ਮਾਜਰੀ ਵਿਚ 4.10 ਲੱਖ ਰੁਪਏ ਦੀ ਲਾਗਤ ਚਾਰਦੀਵਾਰੀ ਕਰਵਾਈ ਗਈ ਹੈ।
ਸ੍ਰੀ ਸੌਂਦ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਿੱਖਿਆ ਦੇ ਖੇਤਰ ਵਿੱਚ 12 ਫੀਸਦੀ ਬਜਟ ਦਾ ਵਾਧਾ ਕਰਕੇ ਇਤਿਹਾਸ ਸਿਰਜਿਆ ਹੈ। ਅੱਜ ਸਰਕਾਰ ਦੇ ਉਪਰਾਲੇ ਸਦਕਾ ਸਰਕਾਰੀ ਸਕੂਲਾਂ ਦੇ ਪ੍ਰਿੰਸਪੀਲ ਤੇ ਮੁੱਖ ਅਧਿਆਪਕ ਸਿਖਲਾਈ ਲਈ ਸਿੰਘਾਪੁਰ, ਫਿਨਲੈਂਡ ਤੇ ਆਈ.ਆਈ.ਐਮ ਵਿੱਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀ ਸਾਡਾ ਭਵਿੱਖ ਹਨ ਜ਼ਿਨ੍ਹਾਂ ਨੂੰ ਅਸੀ ਹਰ ਸਹੂਲਤ ਉਪਲੱਬਧ ਕਰਵਾਉਣੀ ਹੈ ਅਤੇ ਅਧਿਆਪਕਾਂ ਦੀ ਅਣਥੱਕ ਮਿਹਨਤ ਵੀ ਵਿਦਿਆਰਥੀਆਂ ਦੀ ਸਫਲਤਾ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਬੱਚਿਆਂ ਨੂੰ ਉੱਚ ਦਰਜੇ ਦੀ ਸਿੱਖਿਆ ਦੇਣ ਲਈ ਹਰ ਜ਼ਿਲ੍ਹੇ ਵਿੱਚ ਸਕੂਲ ਆਫ ਐਮੀਨੈਂਸ ਬਣਾਏ ਗਏ ਹਨ। ਇਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁਫਤ ਟਰਾਂਸਪੋਰਟ ਦਾ ਪ੍ਰਬੰਧ, ਸਪੈਸ਼ਲ ਸਕੂਲ ਵਰਦੀ ਤੋਂ ਇਲਾਵਾ ਅਧੂਨਿਕ ਤਕਨੀਕਾਂ ਨਾਲ ਸਿੱਖਿਆ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਲਈ ਕੋਚਿੰਗ ਵੀ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਪ੍ਰਾਈਵੇਟ ਸਕੂਲ ਛੱਡਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਹੋਣ ਦਾ ਰੁਝਾਨ ਵਧਿਆ ਹੈ ਜਿਸਦੇ ਤਹਿਤ ਕਰੀਬ 15 ਹਜ਼ਾਰ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨੂੰ ਛੱਡਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਹੋਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਹੁਲਾਰਾ ਦੇਣ ਅਤੇ ਨਸ਼ਿਆਂ ਦੇ ਖ਼ਤਰੇ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰੇਕ ਪਿੰਡ ਵਿੱਚ ਖੇਡ ਮੈਦਾਨ ਬਣਾਏ ਜਾਣਗੇ। ਸੂਬੇ ਦੇ ਕਰੀਬ 13 ਹਜ਼ਾਰ ਪਿੰਡਾਂ ਵਿੱਚ ਇਹ ਖੇਡ ਮੈਦਾਨ ਪਿੰਡ ਦੇ ਨੌਜਵਾਨਾਂ ਦੀ ਮੰਗ ਅਨੁਸਾਰ ਬਣਾਏ ਜਾਣਗੇ, ਜਿਨ੍ਹਾਂ ਵਿੱਚੋਂ 4600 ਖੇਡ ਮੈਦਾਨ ਤਿਆਰ ਹੋ ਚੁੱਕੇ ਹਨ। ਇਨ੍ਹਾਂ ਖੇਡ ਮੈਦਾਨਾਂ ਵਿੱਚ ਫੁੱਟਬਾਲ, ਕ੍ਰਿਕਟ, ਹਾਕੀ, ਐਥਲੈਟਿਕਸ, ਵਾਲੀਬਾਲ, ਹੈਂਡਬਾਲ ਆਦਿ ਖੇਡਾਂ ਦੇ ਮੈਦਾਨ ਸ਼ਾਮਲ ਹੋਣਗੇ।