ਸੌਂਦ ਵੱਲੋਂ ‘ਮੇਰਾ ਹਲਕਾ ਮੇਰਾ ਪਰਿਵਾਰ’ ਤਹਿਤ ਮੀਟਿੰਗ
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਇਥੋਂ ਦੇ ਇੱਕ ਰੈਸਟ ਹਾਊਸ ਵਿੱਚ ਪ੍ਰੋਗਰਾਮ ‘ਮੇਰਾ ਹਲਕਾ ਮੇਰਾ ਪਰਿਵਾਰ’ ਤਹਿਤ ਲੋਕ ਮਿਲਣੀ ਕੀਤੀ। ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਮੌਕੇ ’ਤੇ ਨਿਬੇੜਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੀਐੱਸਪੀਸੀਐੱਲ, ਮੰਡੀ ਬੋਰਡ, ਪੁਲੀਸ ਵਿਭਾਗ ਤੋਂ ਇਲਾਵਾ ਵੱਖ-ਵੱਖ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਲੋਕਾਂ ਦੀਆਂ ਬਿਜਲੀ, ਪਾਣੀ, ਸੀਵਰੇਜ, ਸੜਕਾਂ, ਐਨਕ੍ਰੋਚਮੈਂਟ, ਸਟਰੀਟ ਲਾਈਟਾਂ ਆਦਿ ਸਮੱਸਿਆਵਾਂ ਤੁਰੰਤ ਹੱਲ ਕੀਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਸੂਬੇ ਵਿਚ ਲੋਕਾਂ ਨੂੰ ਪਾਰਦਰਸ਼ੀ ਪ੍ਰਸਾਸ਼ਨਿਕ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿਚ ਖੱਜਲ ਖੁਆਰ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਸਮੱਸਿਆਵਾਂ ਲੈ ਕੇ ਪੁੱਜੇ ਲੋਕਾਂ ਨੇ ਇਸ ਪਹਿਲ ਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਹਲਕੇ ਵਿਚ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ ਤਾਂ ਜੋ ਲੋਕਾਂ ਦੇ ਕੰਮ ਪਹਿਲ ਦੇ ਅਧਾਰ ਤੇ ਹੋ ਸਕਣ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਜਗਤਾਰ ਸਿੰਘ ਗਿੱਲ, ਅਵਤਾਰ ਸਿੰਘ ਦਹੇੜੂ, ਭੁਪਿੰਦਰ ਸਿੰਘ ਸੌਂਦ, ਕਰਨ ਅਰੋੜਾ, ਅਵਤਾਰ ਸਿੰਘ ਮਾਨ, ਮਲਕੀਤ ਸਿੰਘ, ਗੁਰਦੀਪ ਸਿੰਘ, ਯਾਦਵਿੰਦਰ ਸਿੰਘ ਲਿਬੜਾ, ਗਿਆਨ ਸਿੰਘ ਹਾਜ਼ਰ ਸਨ।