ਸੌਂਦ ਨੇ ਵਿਕਾਸ ਕਾਰਜਾਂ ਲਈ ਚੈੱਕ ਵੰਡੇ
ਨਿੱਜੀ ਪੱਤਰ ਪ੍ਰੇਰਕ
ਖੰਨਾ, 14 ਜੁਲਾਈ
ਹਲਕਾ ਖੰਨਾ ’ਚ ਵਿਕਾਸ ਕਾਰਜਾਂ ਸਬੰਧੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾ ਰਹੀ ਅਤੇ ਫੰਡ ਬੇਰੋਕ ਦਿੱਤੇ ਜਾ ਰਹੇ ਹਨ ਤਾਂ ਜੋ ਇਹ ਹਲਕਾ ਇਕ ਮਿਸਾਲੀ ਹਲਕੇ ਵਜੋਂ ਉਭਰ ਕੇ ਸਾਹਮਣੇ ਆਵੇ। ਇਹ ਗੱਲ ਅੱਜ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਇਥੋਂ ਦੇ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਹਲਕਾ ਖੰਨਾ ਦੇ ਪਿੰਡ ਬੀਜਾ, ਤੁਰਮਰੀ, ਕਿਸ਼ਨਗੜ੍ਹ, ਇਸਮੈਲਪੁਰ, ਬੀਜਾਪੁਰ ਕੋਠੇ, ਇਕੋਲਾਹਾ, ਈਸੜੂ, ਗੰਢੂਆਂ, ਕੌੜੀ, ਅਸਗਰੀਪੁਰ, ਮਲਕਪੁਰ, ਖੰਨਾ ਅਤੇ ਮਹੌਣ ਦੀ ਪੰਚਾਇਤਾਂ ਨੂੰ 48.90 ਲੱਖ ਰੁਪਏ ਦੇ ਚੈਕ ਭੇਟ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਬੀਜਾ ਵਿਖੇ ਗੰਦੇ ਪਾਣੀ ਦੀ ਨਿਕਾਸੀ, ਸੀਵਰੇਜ, 2 ਕਿਲੋਮੀਟਰ ਤੱਕ ਲੰਬੀ ਪਾਈਪ ਲਾਈਨ ਲਈ 20 ਲੱਖ, ਤੁਰਮਰੀ ਵਿਚ ਫੁੱਟਪਾਥ ਅਤੇ ਰਸਤਿਆਂ ਦੇ ਨਿਰਮਾਣ ਲਈ 2.50 ਲੱਖ, ਕਿਸ਼ਨਗੜ੍ਹ ਦੇ ਖੇਡ ਮੈਦਾਨ ਲਈ 2.40 ਲੱਖ, ਇਸਮੈਲਪੁਰ ਦੇ ਫੁੱਟਪਾਥ ਅਤੇ ਰਸਤਿਆਂ ਲਈ 2 ਲੱਖ, ਬੀਜਾਪੁਰ ਕੋਠੇ ਲਈ 1 ਲੱਖ, ਇਕੋਲਾਹਾ ਵਿਖੇ ਐਸਸੀ ਧਰਮਸ਼ਾਲਾ ਦੇ ਬੁਨਿਆਦੀ ਢਾਂਚੇ ਲਈ 2 ਲੱਖ ਤੇ ਰਸਤਿਆਂ ਦੇ ਨਿਰਮਾਣ ਲਈ 4 ਲੱਖ, ਈਸੜੂ ਨੂੰ ਐਸਸੀ ਧਰਮਸ਼ਾਲਾ ਲਈ 1 ਲੱਖ, ਗੰਢੂਆਂ ਨੂੰ ਰਾਮਦਾਸੀਆ ਧਰਮਸ਼ਾਲਾ ਲਈ 5 ਲੱਖ, ਕੌੜੀ ਨੂੰ ਨਿਰਮਾਣ ਕਾਰਜ ਲਈ 5 ਲੱਖ, ਅਸਗਰੀਪੁਰ ਨੂੰ 1 ਲੱਖ, ਮਲਕਪੁਰ ਨੂੰ ਜਨਤਕ ਨਿਕਾਸੀ ਲਈ 1 ਲੱਖ ਅਤੇ ਮਹੌਣ ਦੇ ਫੁੱਟਪਾਥ ਲਈ 2 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਸੌਂਦ ਨੇ ਦੱਸਿਆ ਕਿ ਜੋ ਉਨ੍ਹਾਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡਾਂ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਉਸ ਸਬੰਧੀ ਆਪਣੇ ਅਖਤਿਆਰੀ ਕੋਟੇ ਵਿਚੋਂ ਕਰੀਬ 50 ਲੱਖ ਰੁਪਏ ਦੀਆਂ ਗ੍ਰਾਂਟਾ 12 ਪਿੰਡਾਂ ਨੂੰ ਦਿੱਤੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਾਂ ਪੰਜਾਬ ਵਿਚ ਵਿਕਾਸ ਕਾਰਜ ਵੱਧ ਚੜ੍ਹ ਕੇ ਕੀਤੇ ਜਾ ਰਹੇ ਅਤੇ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹਿਣਗੇ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਤਾਰ ਸਿੰਘ ਗਿੱਲ, ਬਲਾਕ ਪ੍ਰਧਾਨ ਅਵਤਾਰ ਸਿੰਘ, ਬੀਡੀਪੀਓ ਗੁਰਪ੍ਰੀਤ ਸਿੰਘ, ਪੰਚਾਇਤ ਅਫ਼ਸਰ ਕੁਲਦੀਪ ਸਿੰਘ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਸਰਪੰਚ ਹਾਜ਼ਰ ਸਨ।