ਸੌਂਦ ਵੱਲੋਂ ਹਰਿਓ ਕਲਾਂ ਨੂੰ 5 ਲੱਖ ਰੁਪਏ ਗਰਾਂਟ ਦੇਣ ਦਾ ਐਲਾਨ
ਨਿੱਜੀ ਪੱਤਰ ਪ੍ਰੇਰਕ
ਖੰਨਾ, 29 ਮਈ
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਪਿੰਡ ਬੂਥਗੜ੍ਹ, ਮਹੌਣ, ਰਾਮਗੜ੍ਹ, ਮਲਕਪੁਰ, ਹਰਿਓ ਕਲਾਂ, ਬਾਹੋਮਾਜਰਾ, ਲਿਬੜਾ, ਮੋਹਨਪੁਰ, ਗੱਗੜਮਾਜਰਾ ਅਤੇ ਮਾਜਰਾ ਰਹੌਣ ਵਿਖੇ ਨਸ਼ਾ ਮੁਕਤੀ ਯਾਤਰਾ ਦੌਰਾਨ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਖੰਨਾ ਦੇ ਹਰ ਪਿੰਡ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਪੂਰੇ ਜੋਸ਼ ਨਾਲ ਚੱਲ ਰਹੀ ਹੈ ਅਤੇ ਵੱਖ-ਵੱਖ ਪਿੰਡਾਂ ਵਿੱਚ ਨਸ਼ਾ ਮੁਕਤੀ ਯਾਤਰਾ ਦੌਰਾਨ ਲੋਕ ਪੂਰੀ ਨਿਡਰਤਾ ਨਾਲ ਸਾਥ ਦੇ ਰਹੇ ਹਨ।
ਸੌਂਦ ਨੇ ਕਿਹਾ ਕਿ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਪਰਿਵਾਰਕ ਮੈਬਰਾਂ, ਦੋਸਤਾਂ, ਗੁਆਂਢੀਆਂ ਅਤੇ ਹੋਰਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਦੇ ਹੋਏ ਸਮਾਜਿਕ ਬੁਰਾਈਆਂ ਦਾ ਖਾਤਮਾ ਕਰਨ ਵਿਚ ਹਰ ਸੰਭਵ ਯਤਨ ਕਰਨ। ਸੂਬਾ ਸਰਕਾਰ ਵੱਲੋਂ ਇਸ ਜੰਗ ਵਿਚ ਲੋਕਾਂ ਦਾ ਸਹਿਯੋਗ ਲੈਣ ਲਈ ਹੈਲਪਲਾਈਨ ਨੰਬਰ 9779100200 ਜਾਰੀ ਕੀਤਾ ਗਿਆ ਹੈ ਜਿਸ ਤੇ ਲੋਕਾਂ ਆਪਣੇ ਇਲਾਕੇ ਵਿਚ ਨਜਾਇਜ਼ ਗਤੀਵਿਧੀਆਂ ਚਲਾ ਰਹੇ ਨਸ਼ਾ ਤਸਕਰਾਂ ਸਬੰਧੀ ਜਾਣਕਾਰੀ ਦੇ ਸਕਦੇ ਹਨ ਅਤੇ ਉਨ੍ਹਾਂ ਦੀ ਪਛਾਣ ਗੁਪਤ ਰੱਖੀ ਜਾਵੇਗੀ।
ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਆਉਣ ਵਾਲੇ 4 ਮਹੀਨਿਆਂ ਵਿੱਚ ਪਿੰਡ ਬੂਥਗੜ੍ਹ ਤੇ ਮਾਜਰਾ ਰਹੌਣ ਵਿੱਚ 20-20 ਲੱਖ ਰੁਪਏ ਦੀ ਲਾਗਤ ਨਾਲ 2-2 ਏਕੜ ਵਿਚ ਮਾਡਲ ਖੇਡ ਮੈਦਾਨ ਤਿਆਰ ਕੀਤੇ ਜਾਣਗੇ। ਪਿੰਡ ਵਿਚ ਪਾਣੀ ਦੀ ਨਿਕਾਸੀ ਲਈ 25-25 ਲੱਖ ਰੁਪਏ ਦੀ ਲਾਗਤ ਨਾਲ ਨਵੰਬਰ ਮਹੀਨੇ ਤੱਕ ਛੱਪੜ/ਟੋਭੇ ਦਾ ਪਾਣੀ ਅਤੇ ਗਾਰ ਕਢਵਾ ਕੇ ਸਾਰੀ ਕੰਧ ਦੀ ਲਾਈਨਿੰਗ ਕੀਤੀ ਜਾਵੇਗੀ ਅਤੇ ਸੀਚੇਵਾਲ ਮਾਡਲ ਦਾ ਪ੍ਰੋਜੈਕਟ ਲਗਾ ਕੇ ਇਨ੍ਹਾਂ ਪਿੰਡ ਦਾ ਪਾਣੀ ਟ੍ਰੀਟਡ ਪਾਣੀ ਸੋਲਰ ਮੋਟਰਾਂ ਰਾਹੀਂ ਖੇਤਾਂ ਨੂੰ ਦਿੱਤਾ ਜਾਵੇਗਾ। ਸੌਂਦ ਨੇ ਪਿੰਡ ਹਰਿਓ ਕਲਾਂ, ਮੋਹਨਪੁਰ, ਗੱਗੜਮਾਜਰਾ ਦੇ ਵਿਕਾਸ ਕਾਰਜਾਂ ਲਈ ਆਪਣੇ ਅਖਤਿਆਰੀ ਕੋਟੇ ਵਿਚੋਂ 5-5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।