ਸਸਰਾਲੀ: ਧੁੱਸੀ ਬੰਨ੍ਹ ਤੋੜ ਕੇ ਅਸਥਾਈ ਬੰਨ੍ਹ ਤੱਕ ਪੁੱਜਿਆ ਪਾਣੀ
ਸਨਅਤੀ ਸ਼ਹਿਰ ਦੇ ਰਾਰੋਂ ਰੋਡ ’ਤੇ ਸਤਲੁਜ ਵਿੱਚ ਪਾਣੀ ਦਾ ਕਹਿਰ ਲਗਾਤਾਰ ਜਾਰੀ ਹੈ। ਫ਼ੌਜ, ਐੱਨਡੀਆਰਐੱਫ ਤੇ ਪਿੰਡ ਵਾਸੀਆਂ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਬੀਤੀ ਦੇਰ ਰਾਤ ਧੁੱਸੀ ਬੰਨ੍ਹ ਤੋੜ ਕੇ ਪਾਣੀ ਅਸਥਾਈ ਤੌਰ ’ਤੇ ਬਣਾਏ ਗਏ ਬੰਨ੍ਹ ਤੱਕ ਪੁੱਜ ਗਿਆ। ਇੰਨਾ ਹੀ ਨਹੀਂ ਪਾਣੀ ਦਰਿਆ ਦੇ ਨਾਲ ਲੱਗਦੇ ਕੁੱਝ ਖੇਤਾਂ ਵਿੱਚ ਵੀ ਵੜ੍ਹ ਗਿਆ। ਪੂਰੀ ਰਾਤ ਲੋਕਾਂ ਨੇ ਪਹਿਰਾ ਦੇ ਕੇ ਮੌਕੇ ਨੂੰ ਸੰਭਾਲਿਆ।
ਸਵੇਰ ਹੁੰਦਿਆਂ ਹੀ ਫ਼ੌਜ, ਐੱਨਡੀਆਰਐੱਫ ਤੇ ਪਿੰਡ ਵਾਸੀ ਪ੍ਰਸ਼ਾਸਨ ਦੇ ਨਾਲ ਮੌਕੇ ’ਤੇ ਪੁੱਜ ਗਏ। ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਬਚਾਅ ਕਾਰਜ ਦੀ ਅਗਵਾਈ ਖੁਦ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਕਰ ਰਹੇ ਸਨ। ਅੱਜ ਸਵੇਰੇ ਪ੍ਰਸ਼ਾਸਨ ਦੀ ਚਿੰਤਾ ਉਸ ਵੇਲੇ ਹੋਰ ਵਧ ਗਈ, ਜਦੋਂ ਸਵੇਰੇ ਤੋਂ ਹੀ ਲਗਾਤਾਰ ਤੇਜ਼ ਮੀਂਹ ਪੈਣਾ ਸ਼ੁਰੂ ਹੋ ਗਿਆ ਪਰ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਖੁਦ ਗਾਰੇ ਵਿੱਚ ਉਤਰ ਗਏ ਅਤੇ ਲੋਕਾਂ ਦੇ ਨਾਲ-ਨਾਲ ਆਪਣੀ ਟੀਮ ਨੂੰ ਹੌਸਲਾ ਦਿੱਤਾ ਅਤੇ ਅਸਥਾਈ ਤੌਰ ’ਤੇ ਬਣਾਏ ਰਿੰਗ ਡੈਮ ਨੂੰ ਮਜ਼ਬੂਤ ਕਰਦੇ ਰਹੇ। ਆਖਰਕਾਰ ਪ੍ਰਸ਼ਾਸਨ ਦੀ ਮਿਹਨਤ ਰੰਗ ਲਿਆਈ ਅਤੇ ਬੰਨ੍ਹ ਨੂੰ ਇਸ ਤਰ੍ਹਾਂ ਮਜ਼ਬੂਤ ਕੀਤਾ ਗਿਆ ਕਿ ਪਾਣੀ ਇਸ ਨੂੰ ਜਲਦੀ ਨੁਕਸਾਨ ਨਾ ਪਹੁੰਚਾ ਸਕੇ।
ਦਰਅਸਲ, ਪਿੰਡ ਸਸਰਾਲੀ ਕਲੋਨੀ ਇਲਾਕੇ ਵਿੱਚ ਬਣੇ ਧੁੱਸੀ ਬੰਨ੍ਹ ਦੇ ਕਿਨਾਰੇ ਸ਼ੁੱਕਰਵਾਰ ਨੂੰ ਹੀ ਖਿਸਕਣੇ ਸ਼ੁਰੂ ਹੋ ਗਏ ਸਨ, ਜਿਸ ਕਾਰਨ ਧੁੱਸੀ ਬੰਨ੍ਹ ਕਮਜ਼ੋਰ ਹੋ ਗਿਆ ਸੀ। ਇਸ ਦੇ ਟੁੱਟਣ ਦੀ ਸੰਭਾਵਨਾ ਸੀ। ਸਾਵਧਾਨੀ ਵਜੋਂ ਪ੍ਰਸ਼ਾਸਨ ਨੇ ਧੁੱਸੀ ਬੰਨ੍ਹ ਤੋਂ ਸੱਤ ਸੌ ਮੀਟਰ ਦੀ ਦੂਰੀ ’ਤੇ ਲੋਹੇ ਦੇ ਜਾਲ ਨਾਲ ਇੱਕ ਰਿੰਗ ਬੰਨ੍ਹ ਬਣਾਇਆ ਤਾਂ ਜੋ ਜੇਕਰ ਪਾਣੀ ਧੁੱਸੀ ਬੰਨ੍ਹ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਰਿੰਗ ਬੰਨ੍ਹ ’ਤੇ ਪਾਣੀ ਨੂੰ ਰੋਕਿਆ ਜਾ ਸਕੇ। ਇਸ ਲਈ ਸ਼ੁੱਕਰਵਾਰ ਸ਼ਾਮ ਨੂੰ ਡੀਸੀ ਹਿਮਾਂਸ਼ੂ ਜੈਨ ਖੁਦ ਮਿੱਟੀ ਨਾਲ ਭਰੀਆਂ ਬੋਰੀਆਂ ਚੁੱਕ ਕੇ ਰਿੰਗ ਬੰਨ੍ਹ ਵਿੱਚ ਪਾਉਂਦੇ ਦਿਖਾਈ ਦਿੱਤੇ। ਉਨ੍ਹਾਂ ਆਪਣੀ ਟੀਮ ਦੇ ਨਾਲ ਲੋਕਾਂ ਨੂੰ ਉਤਸ਼ਾਹਿਤ ਕੀਤਾ ਅਤੇ ਬੰਨ੍ਹ ’ਤੇ ਕਾਫ਼ੀ ਹੱਦ ਤੱਕ ਕੰਮ ਕੀਤਾ, ਜਿਸ ਦਾ ਫਾਇਦਾ ਦੇਰ ਰਾਤ ਪ੍ਰਸ਼ਾਸਨ ਨੂੰ ਮਿਲਿਆ। ਜਦੋਂ ਪਾਣੀ ਧੁੱਸੀ ਬੰਨ੍ਹ ਨੂੰ ਪਾਰ ਕਰਕੇ ਅੱਗੇ ਆਇਆ ਤਾਂ ਇਹ ਰਿੰਗ ਬੰਨ੍ਹ ’ਤੇ ਹੀ ਰੁਕ ਗਿਆ।
ਰਾਤ ਸਮੇਂ ਜਿਉਂ ਹੀ ਪਾਣੀ ਧੁੱਸੀ ਬੰਨ੍ਹ ਤੋਂ ਪਾਰ ਹੋਇਆ, ਲੋਕ ਘਬਰਾ ਗਏ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੂਰਾ ਪ੍ਰਸ਼ਾਸਨ ਉੱਥੇ ਹੈ ਅਤੇ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ ਪਰ ਇਸ ਤੋਂ ਪਹਿਲਾਂ ਹੀ ਨੇੜਲੇ ਪੇਂਡੂ ਖੇਤਰਾਂ ਦੇ ਧਾਰਮਿਕ ਸਥਾਨਾਂ ’ਤੇ ਐਲਾਨ ਕੀਤੇ ਜਾਣ ਲੱਗੇ ਕਿ ਲੋਕ ਸੁਰੱਖਿਅਤ ਥਾਵਾਂ ’ਤੇ ਚਲੇ ਜਾਣ। ਪ੍ਰਸ਼ਾਸਨ ਨੇ ਅੱਜ ਸਵੇਰ ਤੱਕ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ ਅਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ। ਲੋਕ ਵੀ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਰਹੇ। ਨੇੜਲੇ ਧਾਰਮਿਕ ਸਥਾਨਾਂ ਤੋਂ ਉੱਥੇ ਸੇਵਾ ਕਰ ਰਹੇ ਲੋਕਾਂ ਲਈ ਲੰਗਰ ਪਹੁੰਚਦਾ ਰਿਹਾ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੂੰ ਵੀ ਲੋਕਾਂ ਵਿੱਚ ਲੰਗਰ ਛਕਿਆ।
ਡੀਸੀ ਨੇ ਖ਼ੁਦ ਮਿੱਟੀ ਤੇ ਪੱਥਰ ਚੁੱਕ ਕੇ ਕੀਤੀ ਸੇਵਾ
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਪਿਛਲੇ ਕੁਝ ਦਿਨਾਂ ਤੋਂ ਸਸਰਾਲੀ ਦੇ ਧੁੱਸੀ ਬੰਨ੍ਹ ’ਤੇ ਡੇਰਾ ਲਾ ਕੇ ਬੈਠੇ ਹਨ। ਉਹ ਆਪਣੇ ਅਧਿਕਾਰੀਆਂ ਨਾਲ ਹਰ ਮਿੰਟ ਦੀ ਖ਼ਬਰ ਲੈ ਰਹੇ ਹਨ ਅਤੇ ਸਰਕਾਰ ਨੂੰ ਭੇਜ ਰਹੇ ਹਨ। ਸ਼ੁੱਕਰਵਾਰ ਨੂੰ ਜਦੋਂ ਪਾਣੀ ਨੇ ਧੁੱਸੀ ਬੰਨ੍ਹ ਦੇ ਕਿਨਾਰਿਆਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਤਾਂ ਡਿਪਟੀ ਕਮਿਸ਼ਨਰ ਖੁਦ ਬਚਾਅ ਕਾਰਜ ਵਿੱਚ ਸ਼ਾਮਲ ਹੋ ਗਏ। ਡਿਪਟੀ ਕਮਿਸ਼ਨਰ ਨੂੰ ਦੇਖ ਕੇ ਉਨ੍ਹਾਂ ਦੀ ਪੂਰੀ ਟੀਮ ਅਤੇ ਲੋਕ ਵੀ ਉਨ੍ਹਾਂ ਨਾਲ ਜੁੜ ਗਏ ਅਤੇ ਅਸਥਾਈ ਬੰਨ੍ਹ ਨੂੰ ਮਜ਼ਬੂਤ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਸ਼ੁੱਕਰਵਾਰ ਸ਼ਾਮ ਤੋਂ ਦੇਰ ਰਾਤ ਤੱਕ ਅਤੇ ਫਿਰ ਸਵੇਰ ਤੱਕ ਡਿਪਟੀ ਕਮਿਸ਼ਨਰ ਖੁਦ ਗਾਰੇ ਵਿੱਚ ਲਿੱਬੜੇ ਦਿਖਾਈ ਦਿੱਤੇ।