ਸਰਸ ਮੇਲਾ: ਐਤਵਾਰ ਨੂੰ ਮੇਲੇ ਵਿੱਚ ਲੱਗੀਆਂ ਰੌਣਕਾਂ
ਗ੍ਰਾਮੋਫੋਨ ਅਤੇ ਲਾਊਡਸਪੀਕਰ ’ਤੇ ਚੱਲਦੇ ਪੁਰਾਣੇ ਗੀਤਾਂ ਨੇ ਰੰਗ ਬੰਨ੍ਹਿਆ
ਸਰਸ ਮੇਲੇ ਦੀਆਂ ਰੌਣਕਾਂ ਵਿੱਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਐਤਵਾਰ ਛੁੱਟੀ ਵਾਲਾ ਦਿਨ ਹੋਣ ਕਰਕੇ ਭੀੜ ਪਿਛਲੇ ਦਿਨਾਂ ਦੇ ਮੁਕਾਬਲੇ ਕਈ ਗੁਣਾਂ ਵੱਧ ਦੇਖਣ ਨੂੰ ਮਿਲੀ। ਇਸ ਮੇਲੇ ਵਿੱਚ ਗ੍ਰਾਮੋਫੋਨ, ਲਾਊਡਸਪੀਕਰ ’ਤੇ ਚੱਲਦੇ ਪੁਰਾਣੇ ਗਾਣਿਆਂ ਨੇ ਆਪਣਾ ਵੱਖਰਾ ਹੀ ਰੰਗ ਬੰਨ੍ਹਿਆ ਹੋਇਆ ਸੀ। ਪਹਿਲਾਂ ਇਹ ਮੇਲਾ 13 ਅਕਤੂਬਰ ਤੱਕ ਚੱਲਣਾ ਸੀ ਪਰ ਹੁਣ ਇਹ ਮੇਲਾ 15 ਅਕਤੂਬਰ ਤੱਕ ਚੱਲੇਗਾ। ਬੀਤੀ ਰਾਤ ਗਾਇਕ ਕੰਵਰ ਗਰੇਵਾਲ ਅਤੇ ਅੱਜ ਜੋਸ਼ ਬਰਾੜ ਨੇ ਲੋਕਾਂ ਦਾ ਮਨੋਰੰਜਨ ਕੀਤਾ।
ਵਪਾਰਕ ਹੱਬ ਵੱਜੋਂ ਮਸ਼ਹੂਰ ਲੁਧਿਆਣਾ ਹੁਣ ਮੇਲਿਆਂ ਦਾ ਗੜ੍ਹ ਬਣਦਾ ਜਾ ਰਿਹਾ ਹੈ। ਪੀਏਯੂ ਵਿੱਚ ਸਾਲ ਦੇ ਦੋ ਮੁੱਖ ਕਿਸਾਨ ਮੇਲੇ ਤਾਂ ਹਰ ਸਾਲ ਲੱਗਦੇ ਹਨ ਅਤੇ ਹੁਣ ਸਰਸ ਮੇਲਾ ਵੀ ਲੱਗਣਾ ਸ਼ੁਰੂ ਹੋ ਗਿਆ ਹੈ। ਲੁਧਿਆਣਾ ਵਿੱਚ 2017 ਵਿੱਚ ਪਹਿਲੀ ਵਾਰ ਸਰਸ ਮੇਲਾ ਲੱਗਾ ਸੀ ਅਤੇ ਉਸ ਤੋਂ ਬਾਅਦ 2023 ਅਤੇ ਹੁਣ 2025 ਵਿੱਚ ਤੀਜੀ ਵਾਰ ਸਰਸ ਮੇਲਾ ਲੱਗਾ ਹੋਇਆ ਹੈ। ਪਿਛਲੇ ਦੋ ਮੇਲਿਆਂ ਨਾਲੋਂ ਇਸ ਵਾਰ ਮੇਲੇ ਵਿੱਚ ਮੇਲੀਆਂ ਦੀ ਰੌਣਕਾਂ ਕਈ ਗੁਣਾਂ ਵੱਧ ਦੇਖਣ ਨੂੰ ਮਿਲ ਰਹੀ ਹੈ। ਇਸ ਦਾ ਮੁੱਖ ਕਾਰਨ ਹਰ ਵਰਗ ਦੇ ਲੋਕਾਂ ਦੀ ਪਸੰਦ ਦਾ ਧਿਆਨ ਰੱਖਿਆ ਗਿਆ ਹੈ। ਤਿਓਹਾਰਾਂ ਦਾ ਸੀਜਨ ਹੋਣ ਕਰਕੇ ਲੋਕਾਂ ਵੱਲੋਂ ਘਰਾਂ ਨੂੰ ਸਜਾਉਣ ਲਈ ਸਮਾਨ ਖ੍ਰੀਦਣ ਵਿੱਚ ਵਧੇਰੇ ਦਿਲਚਸਪੀ ਦਿਖਾਈ ਜਾ ਰਹੀ ਹੈ। ਮੇਲੇ ਦੀ ਇੱਕ ਨੁੱਕੜ ’ਤੇ ਚੱਲ ਰਹੇ ਲਾਊਡਸਪੀਕਰ ਅਤੇ ਗ੍ਰਾਮੋਫੋਨ ਆਪਣੀ ਵੱਖਰੀ ਛਾਪ ਛੱਡ ਰਹੇ ਹਨ। ਨਾਭਾ ਦੇ ਪਿੰਡ ਲੁਬਾਣਾ ਟੇਕੂ ਦੇ ਭੀਮ ਸਿੰਘ ਵੱਲੋਂ ਜਗਮੋਹਨ ਕੌਰ, ਸੁਰਿੰਦਰ ਕੌਰ, ਮੁਹੰਮਦ ਸਦੀਕ, ਲਾਲ ਚੰਦ ਜਮਲਾ ਜੱਟ, ਕੇਦੀਪ, ਅਮਰ ਚਮਕੀਲਾ, ਸੁਨੇਹ ਲਤਾ, ਆਸਾ ਸਿੰਘ ਮਸਤਾਨਾ ਅਤੇ ਹੋਰ ਪੁਰਾਣੇ ਗਾਇਕਾਂ ਦੇ ਮਸ਼ਹੂਰ ਗਾਣੇ ਬਜਾਏ ਜਾ ਰਹੇ ਹਨ। ਭੀਮ ਸਿੰਘ ਨੇ ਚੋਰੀ ਹੋਣ ਦੇ ਡਰੋਂ 120 ਸਾਲ ਪੁਰਾਣੇ ਪੱਥਰ ਦੇ ਰਿਕਾਰਡ ਇੱਕ ਬਕਸੇ ਵਿੱਚ ਤਾਲਾ ਲਾ ਕੇ ਰੱਖੇ ਹੋਏ ਹਨ। ਮੇਲੇ ਵਿੱਚ ਆਉਣ ਵਾਲੇ ਬਜ਼ੁਰਗ ਨਾ ਸਿਰਫ ਉਸ ਤੋਂ ਆਪਣੀ ਪਸੰਦ ਦੇ ਗਾਣੇ ਸੁਣਦੇ ਸਗੋਂ ਉਸ ਨਾਲ ਬੈਠੇ ਕੇ ਫੋਟੋਆਂ ਵੀ ਖਿਚਵਾਉਂਦੇ ਦੇਖੇ ਗਏ। ਮੇਲੀਆਂ ਦਾ ਮਨੋਰੰਜਨ ਕਰਨ ਲਈ ਮੇਲੇ ਵਿੱਚ ਦੋ ਸਟੇਜ਼ਾਂ ਲਾਈਆਂ ਗਈਆਂ ਹਨ। ਇੰਨਾਂ ਵਿੱਚੋਂ ਵੱਡੀ ਸਟੇਜ਼ ’ਤੇ ਬੀਤੀ ਸ਼ਾਮ ਕੰਵਰ ਗਰੇਵਾਲ ਨੇ ਅਤੇ ਐਤਵਾਰ ਜ਼ੋਸ ਬਰਾੜ ਨੇ ਲੋਕਾਂ ਦਾ ਮਨੋਰੰਜਨ ਕੀਤਾ ਜਦਕਿ ਪਿੱਛੇ ਬਣੀ ਛੋਟੀ ਸਟੇਜ ’ਤੇ ਬੀਰ ਸੁਖਵਿੰਦਰ ਅਤੇ ਮਾਧਵ ਨੇ ਰੌਣਕਾਂ ਲਾਈਆਂ। ਮੇਲੇ ਦੇ ਮੁੱਖ ਗੇਟ ਨੇੜੇ ਹੀ ਰਾਜਸਥਾਨ, ਹਰਿਆਣਾ ਅਤੇ ਹੋਰ ਸੂਬਿਆਂ ਤੋਂ ਆਏ ਕਲਾਕਾਰਾਂ ਵੱਲੋਂ ਪੇਸ਼ਕਾਰੀਆਂ ਕੀਤੀਆਂ ਜਾ ਰਹੀਆਂ ਸਨ। ਬਾਜ਼ੀਗਰਾਂ ਵੱਲੋਂ ਵੀ ਕਰਤਵ ਦਿਖਾ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਜਾ ਰਿਹਾ ਸੀ। ਇਸ ਮੇਲੇ ਵਿੱਚ ਵੱਖ ਵੱਖ 1000 ਦੇ ਕਰੀਬ ਸਟਾਲ ਲੱਗੇ ਹੋਏ ਹਨ।