ਸਰਸ ਮੇਲਾ: ਮੀਂਹ ਕਾਰਨ ਚੌਥੇ ਦਿਨ ਘਟੀ ਲੋਕਾਂ ਦੀ ਆਮਦ
22 ਰਾਜਾਂ ਦੇ ਪਕਵਾਨਾਂ ਦੇ ਸਟਾਲ ਸਜੇ; ਸਟਾਰ ਨਾਈਟ ਰੱਦ ਹੋਣ ਕਾਰਨ ਲੋਕ ਨਿਰਾਸ਼
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੇਲਾ ਗਰਾਊਂਡ ਵਿੱਚ ਬੀਤੀ ਚਾਰ ਅਕਤੂਬਰ ਤੋਂ ਸ਼ੁਰੂ ਹੋਏ ਸਰਸ ਮੇਲੇ ਦੇ ਅੱਜ ਚੌਥੇ ਦਿਨ ਮੀਂਹ ਕਰਕੇ ਲੋਕਾਂ ਦੀ ਆਮਦ ਆਮ ਦਿਨਾਂ ਨਾਲੋਂ ਘੱਟ ਰਹੀ। ਇਸ ਮੇਲੇ ਵਿੱਚ ਦੇਸ਼ ਭਰ ਦੇ 22 ਰਾਜਾਂ ਦੇ ਹਸਤ ਕਲਾਕਾਰਾਂ ਵੱਲੋਂ ਤਿਆਰ ਕੀਤਾ ਸਾਮਾਨ ਅਤੇ ਵੱਖ ਵੱਖ ਸੂਬਿਆਂ ਦੇ ਮਸ਼ਹੂਰ ਪਕਵਾਨ ਮੇਲੀਆਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਸ ਮੇਲੇ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਕਲਾਕਾਰ ਭਾਰਤ ਦੀ ਪੁਰਾਤਨ ਅਮੀਰ ਸੱਭਿਅਤਾ ਦਰਸਾ ਰਹੇ ਹਨ।
ਕੌਮੀ ਪੱਧਰ ਦਾ ਇਹ ਸਰਸ ਮੇਲਾ ਲੁਧਿਆਣਾ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਹੈ ਪਰ ਪਿਛਲੇ ਕਰੀਬ ਤਿੰਨ ਦਿਨਾਂ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਨੇ ਮੇਲੇ ਦੀਆਂ ਰੌਣਕਾਂ ਵਿੱਚ ਅੜਿੱਕਾ ਕੀਤਾ ਹੋਇਆ ਹੈ। ਭਾਵੇਂ ਰੋਜ਼ਾਨਾਂ ਸੈਂਕੜਿਆਂ ਦੀ ਗਿਣਤੀ ਵਿੱਚ ਸਕੂਲੀ ਬੱਚੇ, ਨੌਜਵਾਨ ਅਤੇ ਲੋਕ ਪਰਿਵਾਰਾਂ ਸਮੇਤ ਪਹੁੰਚ ਰਹੇ ਹਨ ਪਰ ਪ੍ਰਬੰਧਾਂ ਅਤੇ ਇੱਥੇ ਵੱਖ ਵੱਖ ਸੂਬਿਆਂ ਦੇ ਲੱਗੇ ਸਟਾਲਾਂ ਦੇ ਮੁਕਾਬਲੇ ਘੱਟ ਮਹਿਸੂਸ ਹੋ ਰਹੇ ਹਨ। ਮੇਲੇ ਦੇ ਪਹਿਲੇ ਦਿਨ ਤੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਵੱਧ ਤੋਂ ਵੱਧ ਲੋਕਾਂ ਨੂੰ ਮੇਲਾ ਦੇਖਣ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ। ਮੇਲੇ ਵਿੱਚ ਸਟਾਰ ਨਾਈਟ ਪ੍ਰੋਗਰਾਮ ਰਾਹੀਂ ਪ੍ਰਸਿੱਧ ਕਲਾਕਾਰਾਂ ਵੱਲੋਂ ਪੇਸ਼ਕਾਰੀਆਂ ਕੀਤੀਆਂ ਜਾ ਰਹੀਆਂ ਹਨ ਪਰ ਮੀਂਹ ਮੇਲੇ ਦੀ ਸਫਲਤਾ ਵਿੱਚ ਵੱਡਾ ਅੜਿੱਕਾ ਬਣਿਆ ਹੋਇਆ ਹੈ। ਇਸ ਮੀਂਹ ਕਰਕੇ ਅੱਜ ਕੰਵਰ ਗਰੇਵਾਲ ਅਤੇ ਮਨਰਾਜ ਪਾਤਰ ਦੀ ਸਟਾਰ ਨਾਈਟ ਵਾਲਾ ਪ੍ਰੋਗਰਾਮ ਵੀ ਰੱਦ ਕਰਨਾ ਪਿਆ ਹੈ। ਇਸੇ ਤਰ੍ਹਾਂ ਸੋਮਵਾਰ ਵੀ ਮੌਸਮ ਵਿਭਾਗ ਵੱਲੋਂ ਮੀਂਹ ਦੀ ਪੇਸ਼ੀਨਗੋਈ ਕਰਕੇ ਸਟਾਰ ਨਾਈਟ ਪ੍ਰੋਗਰਾਮ ਰੱਦ ਕਰਨਾ ਪਿਆ ਸੀ। ਇਸ ਮੇਲੇ ਵਿੱਚ ਹਰ ਉਮਰ ਵਰਗ ਦੇ ਲੋਕਾਂ ਲਈ ਕੁੱਝ ਨਾਲ ਕੁੱਝ ਜ਼ਰੂਰ ਰੱਖਿਆ ਗਿਆ ਹੈ। ਬੱਚਿਆਂ ਲਈ ਦੇਸੀ ਅਤੇ ਆਧੁਨਿਕ ਖਿਡੌਣੇ, ਛੋਟੇ ਝੂਲੇ, ਖਾਣ-ਪੀਣ ਦੇ ਸਮਾਨ, ਨੌਜਵਾਨਾਂ ਲਈ ਵੱਡੇ ਝੂਲੇ, ਖਾਣ ਦੇ ਸ਼ੌਕੀਨਾਂ ਲਈ ਵੱਖ ਵੱਖ ਰਾਜਾਂ ਦੇ ਮਸ਼ਹੂਰ ਪਕਵਾਨ, ਸੱਭਿਆਚਾਰਕ ਪੇਸ਼ਕਾਰੀਆਂ ਦੇਖਣ ਵਾਲਿਆਂ ਲਈ ਵੱਖ ਵੱਖ ਰਾਜਾਂ ਦੇ ਕਲਾਕਾਰਾਂ ਵੱਲੋਂ ਪੇਸ਼ਕਾਰੀਆਂ ਅਤੇ ਖੇਡਾਂ ਦੇ ਸੌਕੀਨਾਂ ਲਈ ਪੁਰਾਤਨ ਖੇਡਾਂ ਕੀਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਘਰਾਂ ਦੇ ਸ਼ਿੰਗਾਰ ਲਈ ਵੀ ਵੱਖ ਵੱਖ ਸਟਾਲਾਂ ’ਤੇ ਸਾਮਾਨ ਰੱਖਿਆ ਹੋਇਆ ਹੈ।