ਹਲਕਾ ਦੱਖਣੀ ਦੇ ਵਾਰਡ ਨੰਬਰ 34 ਵਿੱਚ ਗਿਆਸਪੁਰਾ ਫਲੈਟਾਂ ਕੋਲ ਬਣੀ ਡਿਸਪੈਂਸਰੀ ਦਾ ਹਾਲ ਬਦ ਤੋਂ ਬੱਦਤਰ ਹੋਇਆ ਪਿਆ ਹੈ। ਡਿਸਪੈਂਸਰੀ ਵਿੱਚ ਲੋਕ ਇਲਾਜ ਕਰਵਾਉਣ ਲਈ ਆਉਂਦੇ ਹਨ ਪਰ ਇਥੇ ਸਫਾਈ ਪ੍ਰਬੰਧਾਂ ਦੀ ਘਾਟ ਅਤੇ ਮੀਂਹ ਕਾਰਨ ਆਲੇ-ਦੁਆਲੇ ਫੈਲੀ ਗੰਦਗੀ ਕਾਰਨ ਇਥੇ ਇਲਾਜ ਨਹੀਂ ਸਗੋਂ ਬਿਮਾਰੀਆਂ ਦਾ ਕੇਂਦਰ ਬਣ ਗਿਆ ਹੈ।
ਹਾਲਾਂਕਿ ਸੂਬਾ ਸਰਕਾਰ ਵੱਲੋਂ ਸਿਹਤ ਸਹੂਲਤਾਂ ਵਿੱਚ ਵੱਡੇ ਪੱਧਰ ’ਤੇ ਵਿਕਾਸ ਕਰਨ ਦਾ ਦਾਅਵਾ ਕੀਤਾ ਗਿਆ ਹੈ ਪਰ ਇਹ ਦਾਅਵਾ ਹਾਲ ਦੀ ਘੜੀ ਇਸ ਡਿਸਪੈਂਸਰੀ ’ਤੇ ਲਾਗੂ ਹੁੰਦਾ ਨਜ਼ਰ ਨਹੀਂ ਆ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਡਿਸਪੈਂਸਰੀ ਵੱਲ ਜਾਣ ਵਾਲੇ ਰਾਹ ਦੀ ਹਾਲਤ ਹੀ ਇੰਨੀ ਖਸਤਾ ਹੋ ਗਈ ਹੈ ਕਿ ਮੀਂਹ ਕਾਰਨ ਇਸ ਰਾਹ ਤੋਂ ਕੋਈ ਰਾਹਗੀਰ ਲੰਘਣ ਬਾਰੇ ਸੋਚ ਹੀ ਨਹੀਂ ਸਕਦਾ। ਸਫ਼ਾਈ ਨਾ ਹੋਣ ਕਾਰਨ ਤੇ ਗਰਮੀ ਕਰਕੇ ਹੋਈ ਹੁੰਮਸ ਵਿੱਚ ਇਸ ਰਾਹ ’ਤੇ ਤੇਜ਼ ਬਦਬੂ ਰਾਹਮੀਰਾਂ ਦਾ ਬੁਰਾ ਹਾਲ ਕਰ ਦਿੰਦੀ ਹੈ। ਮੱਛਰਾਂ ਦੀ ਭਰਮਾਰ ਕਾਰਨ ਇਥੋਂ ਲੰਘਣਾ ਆਪਣੀ ਜਾਨ ਖਤਰੇ ਵਿੱਚ ਪਾਉਣ ਸਮਾਨ ਹੋ ਗਿਆ ਹੈ। ਡਿਸਪੈਂਸਰੀ ਦੀ ਇਸ ਹਾਲਤ ਵੱਲ ਨਾ ਹੀ ਹਲਕਾ ਵਿਧਾਇਕ ਦਾ ਧਿਆਨ ਜਾ ਰਿਹਾ ਹੈ ਤੇ ਨਾ ਹੀ ਸਥਾਨਕ ਪ੍ਰਸ਼ਾਸਨ ਇਸ ਮਾਮਲੇ ਵਿੱਚ ਸੁਚੇਤ ਨਜ਼ਰ ਆ ਰਿਹਾ ਹੈ।
ਕਾਂਗਰਸ ਦੇ ਹਲਕਾ ਇੰਚਾਰਜ ਵੱਲੋਂ ਮੁੱਖ ਮੰਤਰੀ ਤੋਂ ਮੰਗ
ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਉਹ ਇਸ ਡਿਸਪੈਂਸਰੀ ਸਮੇਤ ਅਜਿਹੀਆਂ ਹੋਰ ਡਿਸਪੈਂਸਰੀਆਂ ਦੀ ਵੀ ਸਾਰ ਲੈਣ ਤਾਂ ਜੋ ਲੋਕ ਇੱਥੋਂ ਆਪਣਾ ਇਲਾਜ ਕਰਵਾ ਸੱਕਣ। ਉਨ੍ਹਾਂ ‘ਆਪ’ ’ਤੇ ਤਨਜ਼ ਕੱਸਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਦਿੱਲੀ ਮਾਡਲ ਇਥੇ ਕਿਸੇ ਨੂੰ ਨਹੀਂ ਚਾਹੀਦਾ।
ਕੀ ਕਹਿੰਦੇ ਨੇ ਅਧਿਕਾਰੀ
ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਡਿਸਪੈਂਸਰੀ ਦੀ ਮੰਦੀ ਹਾਲਤ ਬਾਰੇ ਪਤਾ ਲੱਗਿਆ ਹੈ। ਉਨ੍ਹਾਂ ਵੱਲੋਂ ਇਸ ਦੀ ਹਾਲਤ ਸੁਧਾਰਨ ਬਾਰੇ ਉੱਚ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਅਤੇ ਖਾਮੀਆਂ ਦੂਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।