ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਬੂਟੇ ਤੇ ਕਿਤਾਬਾਂ ਵੰਡੀਆਂ
ਐਸਸੀ ਬੀਸੀ ਭਲਾਈ ਮੰਚ ਵਲੋਂ ਅੱਜ ਨੇੜਲੇ ਪਿੰਡ ਪਮਾਲ ਵਿੱਚ ਮਹਾਨ ਕ੍ਰਾਂਤੀਕਾਰੀ ਅਤੇ ਨੌਜਵਾਨ ਭਾਰਤ ਸਭਾ ਦੇ ਸੰਸਥਾਪਕ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਸ਼ਰਧਾਜਲੀ ਭੇਟ ਕਰਦਿਆਂ ਸਰਪੰਚ ਬਲਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਸਦਕਾ...
ਐਸਸੀ ਬੀਸੀ ਭਲਾਈ ਮੰਚ ਵਲੋਂ ਅੱਜ ਨੇੜਲੇ ਪਿੰਡ ਪਮਾਲ ਵਿੱਚ ਮਹਾਨ ਕ੍ਰਾਂਤੀਕਾਰੀ ਅਤੇ ਨੌਜਵਾਨ ਭਾਰਤ ਸਭਾ ਦੇ ਸੰਸਥਾਪਕ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਸ਼ਰਧਾਜਲੀ ਭੇਟ ਕਰਦਿਆਂ ਸਰਪੰਚ ਬਲਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਇਸ ਲਈ ਸਾਨੂੰ ਸਾਰੇ ਮਤਭੇਦ ਭੁਲਾ ਕੇ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਹੀਦਾਂ ਦੇ ਦਿਹਾੜੇ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ। ਉਨ੍ਹਾਂ ਭਲਾਈ ਮੰਚ ਵੱਲੋਂ ਸ਼ਹੀਦ ਭਗਤ ਸਿੰਘ ਦੀ ਜੀਵਨੀ ਬਾਰੇ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣ ਲਈ ਕਿਤਾਬਚੇ ਵੰਡਣ ਦੀ ਸ਼ਲਾਘਾ ਕੀਤੀ। ਇਸ ਸਮੇਂ ਮੰਚ ਨੇ ਹਾਜ਼ਰ ਲੋਕਾਂ ਨੂੰ ਬੂਟੇ ਵੀ ਵੰਡੇ। ਮੰਚ ਦੇ ਪ੍ਰਧਾਨ ਜਤਿੰਦਰ ਸਿੰਘ ਪਮਾਲ ਨੇ ਮੰਚ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਅੱਜ ਫਲਦਾਰ ਬੂਟੇ ਵੰਡਣ ਦੇ ਨਾਲ ਨਾਲ ਸ਼ਹੀਦ ਭਗਤ ਸਿੰਘ ਦੀ ਜੀਵਨੀ ਬਾਰੇ ਸੌ ਕਿਤਾਬਚੇ ਵੀ ਵੰਡੇ ਗਏ। ਦਿਹਾੜੀਦਾਰ ਸੁਖਦੇਵ ਸਿੰਘ ਦੇ ਚੂਲਾ ਟੁੱਟਣ ਕਰਕੇ ਉਸ ਦੀ ਮਾਲੀ ਮਦਦ ਵੀ ਕੀਤੀ ਗਈ। ਇਸ ਮੌਕੇ ਮੈਂਬਰ ਪੰਚਾਇਤ ਖੁਸ਼ਪਾਲ ਸਿੰਘ, ਜਗਜੀਤ ਸਿੰਘ, ਸਕੱਤਰ ਦਰਸ਼ਨ ਸਿੰਘ, ਖਜ਼ਾਨਚੀ ਬਲਵੰਤ ਸਿੰਘ ਬਿੱਲੂ, ਕੈਪਟਨ ਸੋਹਣ ਸਿੰਘ, ਹਰਦੀਪ ਸਿੰਘ, ਨਛੱਤਰ ਸਿੰਘ ਪ੍ਰਧਾਨ, ਨਵਦੀਪ ਸਿੰਘ, ਰਾਵਲ ਸਿੰਘ, ਨਰਿੰਦਰ ਸਿੰਘ ਹਾਜ਼ਰ ਸਨ।