ਪੰਜਾਬ ਬੇਸਬਾਲ ਐਸੋਸੀਏਸ਼ਨ ਵੱਲੋਂ ਲੁਧਿਆਣਾ ਦੇ ਸਰਕਾਰੀ ਗਰਲਜ਼ ਸੀਨੀ. ਸੈਕੰ. ਸਮਾਰਟ ਸਕੂਲ, ਗਿੱਲ ਵਿੱਚ ਚੱਲ ਰਹੀ 13ਵੀਂ ਜੂਨੀਅਰ ਪੰਜਾਬ ਸਟੇਟ ਬੇਸਬਾਲ ਚੈਂਪੀਅਨਸ਼ਿਪ ਵਿੱਚ ਅੱਜ ਲੜਕਿਆਂ ਦੀਆਂ ਟੀਮਾਂ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਕਰਵਾਏ ਗਏ। ਸੰਗਰੂਰ ਦੀ ਟੀਮ ਨੇ ਫਾਈਨਲ ਵਿੱਚ ਫਿਰੋਜ਼ਪੁਰ ਨੂੰ ਹਰਾ ਕੇ ਚੈਂਪੀਅਨ ਹੋਣ ਦਾ ਮਾਣ ਪ੍ਰਾਪਤ ਕੀਤਾ।
ਇਸ ਚੈਂਪੀਅਨਸ਼ਿਪ ਵਿੱਚ ਲੜਕਿਆਂ ਦੀਆਂ 16 ਟੀਮਾਂ ਹਿੱਸਾ ਲੈ ਰਹੀਆਂ ਸਨ। ਅੱਜ ਪਹਿਲਾ ਸੈਮੀਫਾਈਨਲ ਮੁਕਾਬਲਾ ਸੰਗਰੂਰ ਅਤੇ ਲੁਧਿਆਣਾ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਇਸ ਮੁਕਾਬਲੇ ਵਿੱਚ ਸੰਗਰੂਰ ਨੇ ਲੁਧਿਆਣਾ ਨੂੰ 3-2 ਸਕੋਰ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਪੱਕੀ ਕੀਤੀ। ਜੇਤੂ ਟੀਮ ਵੱਲੋਂ ਮਨਦੀਪ, ਦਲਜੀਤ ਅਤੇ ਸੁਜਵਿੰਦਰ ਨੇ ਇੱਕ-ਇੱਕ ਰਨ ਦਾ ਯੋਗਦਾਨ ਪਾਇਆ। ਦੂਜਾ ਸੈਮੀਫਾਈਨਲ ਮੁਕਾਬਲਾ ਫਿਰੋਜਪੁਰ ਨੇ ਅੰਮ੍ਰਿਤਸਰ ਨੂੰ 1-0 ਨਾਲ ਹਰਾ ਕੇ ਆਪਣੇ ਨਾਮ ਕੀਤਾ। ਇਸ ਜਿੱਤ ਵਿੱਚ ਇਕਲੌਤਾ ਸਕੋਰ ਨਵਦੀਪ ਨੇ ਬਣਾਇਆ। ਲੜਕਿਆਂ ਦੀਆਂ ਟੀਮਾਂ ਦਾ ਫਾਈਨਲ ਮੁਕਾਬਲਾ ਸੰਗਰੂਰ ਨੇ ਫਿਰੋਜ਼ਪੁਰ ਨੂੰ 1-0 ਨਾਲ ਪਛਾੜਦਿਆਂ ਜਿੱਤਿਆ। ਜੇਤੂ ਟੀਮ ਵੱਲੋਂ ਇੱਕੋ ਇੱਕ ਰਨ ਦਲਜੀਤ ਸਿੰਘ ਨੇ ਬਣਾਇਆ। ਤੀਜੇ ਸਥਾਨ ਲਈ ਹੋਏ ਮੈਚ ਵਿੱਚ ਲੁਧਿਆਣਾ ਨੇ ਅੰਮ੍ਰਿਤਸਰ ਨੂੰ 5-4 ਸਕੋਰਾਂ ਨਾਲ ਮਾਤ ਦਿੱਤੀ। ਜੇਤੂ ਲੁਧਿਆਣਾ ਟੀਮ ਵੱਲੋਂ ਮਨਟੇਕਵੀਰ, ਦਿਵਜੋਤ ਸਿੰਘ, ਅਕਾਸ਼ ਸਿੰਘ, ਸੁਨੀਲ ਅਤੇ ਰਵਜੋਤ ਸਿੰਘ ਨੇ ਇੱਕ-ਇੱਕ ਰਨ ਦਾ ਯੋਗਦਾਨ ਪਾਇਆ। ਜੇਤੂ ਖਿਡਾਰੀਆਂ ਨੂੰ ਇਨਾਮ ਵੰਡ ਸਮਾਗਮ ਵਿੱਚ ਪੰਜਾਬ ਬੇਸਬਾਲ ਐਸੋਸੀਏਸ਼ਨ ਦੇ ਸਕੱਤਰ ਇੰਜ. ਹਰਬੀਰ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪ੍ਰਧਾਨ ਸੁਖਦੇਵ ਸਿੰਘ ਔਲਖ, ਡਾ. ਬਰਜਿੰਦਰ ਸਿੰਘ, ਰਜਿੰਦਰ ਸਿੰਘ, ਸੁੰਦਰ ਸਿੰਘ, ਚਮਕੌਰ ਸਿੰਘ, ਮਲਵਿੰਦਰ ਸਿੰਘ, ਟੇਕ ਸਿੰਘ, ਨੀਰੂ, ਕੁਲਵੰਤ ਕੌਰ ਵੀ ਹਾਜ਼ਰ ਸਨ।