ਵਿਧਾਨ ਸਭਾ ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਵੱਲੋਂ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਪਸ਼ੂਆਂ ਲਈ ਚਾਰੇ ਦਾ ਟਰੱਕ ਭੇਜਿਆ ਗਿਆ। ਵਿਧਾਇਕ ਸੰਗੋਵਾਲ ਨੇ ਕਿਹਾ ਕਿ ਕੁਦਰਤੀ ਆਫਤਾਂ ਦੌਰਾਨ, ਮਨੁੱਖੀ ਜੀਵਨ, ਪੱਸ਼ੂ, ਪੰਛੀ, ਫਸਲਾਂ, ਰੁੱਖ-ਬੂਟੇ ਬੁਰੀ ਤਰ੍ਹਾ ਪ੍ਰਭਾਵਿਤ ਹੁੰਦੇ ਹਨ ਅਤੇ ਇਸ ਮੁਸੀਬਤ ਦਾ ਸਾਹਮਣਾ ਕਰਨ ਲਈ ਸਾਰਿਆਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਮਾਰ ਕਾਰਨ ਜਿੱਥੇ ਪਠਾਨਕੋਟ ਦੇ ਵਸਨੀਕਾਂ ਨੂੰ ਭੋਜਨ ਦੀ ਕਿੱਲਤ ਆਈ ਹੈ ਉੱਥੇ ਬੇਜੁਬਾਨ ਪਸ਼ੂਆਂ ਲਈ ਚਾਰੇ ਦੀ ਵੀ ਥੋੜ ਮਹਿਸੂਸ ਕੀਤੀ ਜਾ ਰਹੀ ਹੈ।
ਉਨ੍ਹਾਂ ਭਰੋਸਾ ਦਿੱਤਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੇ ਸਹਿਯੋਗ ਲਈ ਹੋਰ ਯਤਨ ਵੀ ਕੀਤੇ ਜਾਣਗੇ ਤਾਂ ਜੋ ਪਾਣੀ ਦੀ ਮਾਰ ਹੇਠ ਆਏ ਪਠਾਨਕੋਟ ਦੇ ਵਸਨੀਕ ਇਸ ਮੁਸੀਬਤ ਤੋਂ ਜਲਣ ਉੱਭਰ ਸਕਣ। ਵਿਧਾਇਕ ਜੀਵਨ ਸਿੰਘ ਸੰਗੋਵਾਲ ਵੱਲੋਂ ਆਸ ਪ੍ਰਗਟਾਈ ਗਈ ਕਿ ਪੰਜਾਬ ਸਰਕਾਰ ਦੇ ਸੰਯੁਕਤ ਉਪਰਾਲਿਆਂ ਸਕਦਾ ਜਲਦ ਇਸ ਮੁਸੀਬਤ ਤੋਂ ਪਾਰ ਪਾ ਲਿਆ ਜਾਵੇਗਾ। ਉਨ੍ਹਾਂ ਸਥਾਨਕ ਵਸਨੀਕਾਂ ਨੂੰ ਵੀ ਅਪੀਲ ਕੀਤੀ ਕਿ ਮਾਨਵਤਾ ਦੀ ਸੇਵਾ ਲਈ ਮੋਹਰੀ ਰੋਲ ਅਦਾ ਕੀਤਾ ਜਾਵੇ।
ਇਸੇ ਤਰ੍ਹਾਂ ਪਨਗਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਵੱਲੋਂ ਵਿਧਾਇਕ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਪਠਾਨਕੋਟ ਵਿੱਚ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਦੀ ਮੱਦਦ ਲਈ ਕਰੀਬ 1100 ਰਾਸ਼ਟ ਕਿੱਟਾਂ ਭੇਜੀਆਂ ਗਈਆਂ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਡੀ.ਐਫ.ਐਸ.ਸੀ. (ਪੱਛਮੀ) ਸਰਤਾਜ ਸਿੰਘ ਚੀਮਾ ਤੋਂ ਇਲਾਵਾ ਫੂਡ ਸਪਲਾਈ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਦੱਸਿਆ ਕਿ ਹੜ੍ਹ ਦੀ ਮਾਰ ਵਾਲੇ ਇਲਾਕਿਆਂ ਵਿੱਚ ਲੋਕਾਂ ਦੀਆਂ ਫਸਲਾਂ, ਪਸ਼ੂਆਂ ਲਈ ਚਾਰਾ ਤੇ ਹੋਰ ਖਾਣ-ਪੀਣ ਦੀਆਂ ਵਸਤਾਂ ਬੁਰੀ ਤਰ੍ਹਾ ਪ੍ਰਭਾਵਿਤ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਵਿਧਾਇਕ ਸਹਿਬਾਨਾਂ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਮੂਹਿਕ ਯਤਨਾਂ ਸਦਕਾਂ ਪਸ਼ੂਆਂ ਲਈ ਚਾਰਾ, ਲੋੜੀਂਦੀਆਂ ਦਵਾਈਆਂ ਅਤੇ ਰਾਸ਼ਨ ਦੀਆਂ ਹੋਰ ਕਿੱਟਾਂ ਵੀ ਤਿਆਰ ਕਰਕੇ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰਾਸ਼ਨ ਕਿੱਟਾਂ ਵਿੱਚ 5 ਕਿਲੋ ਆਟਾ, ਇੱਕ ਕਿਲੋ ਖੰਡ, ਸਰੋਂ ਦਾ ਤੇਲ, ਮਸਾਲੇ , ਨਮਕ-ਮਿਰਚ, ਚਾਵਲ ਸ਼ਾਮਲ ਹਨ।