ਰਾੜਾ ਸਾਹਿਬ ਨਹਿਰੀ ਪੁਲ ਦੇ ਨਿਰਮਾਣ ਕਾਰਜਾਂ ’ਚ ਦੇਰੀ ਕਾਰਨ ਸੰਗਤ ਪ੍ਰੇਸ਼ਾਨ
ਰਾੜਾ ਸਾਹਿਬ ਵਿੱਚ ਨਹਿਰ ਉੱਪਰ ਬਣ ਰਹੇ ਨਵੇਂ ਪੁਲ ਦੇ ਨਿਰਮਾਣ ਕਾਰਜਾਂ ਕਰੀਬ 50 ਦਿਨਾਂ ਤੋਂ ਬੰਦ ਕੀਤੇ ਪੁਰਾਣੇ ਪੁਲ ਨੂੰ ਜਲਦੀ ਖੋਲ੍ਹਣ ਦੀ ਮੰਗ ਕੀਤੀ ਗਈ ਹੈ। ਗੁਰਦੁਆਰਾ ਕਰਮਸਰ ਰਾੜਾ ਸਾਹਿਬ ਟਰੱਸਟ ਦੇ ਮੈਂਬਰ ਭਾਈ ਰਣਧੀਰ ਸਿੰਘ ਢੀਂਡਸਾ, ਭਾਈ ਮਲਕੀਤ ਸਿੰਘ ਪਨੇਸਰ, ਭਾਈ ਮਨਿੰਦਰਜੀਤ ਸਿੰਘ ਬਾਵਾ, ਬਾਬਾ ਵਿਸਾਖਾ ਸਿੰਘ ਕਲਿਆਣ, ਐਡਵੋਕੇਟ ਭਵਪ੍ਰੀਤ ਸਿੰਘ ਮੂੰਡੀ ਨੇ ਸਾਂਝੇ ਤੌਰ ’ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਨਹਿਰ ’ਤੇ ਨਵੇਂ ਪੁਲ ਦਾ ਨਿਰਮਾਣ ਪਹਿਲਾਂ ਹੀ ਧੀਮੀ ਗਤੀ ਨਾਲ ਚੱਲ ਰਿਹਾ ਹੈ, ਜਦ ਕਿ ਪੁਰਾਣੇ ਚਾਲੂ ਹਾਲਤ ਵਾਲੇ ਪੁਲ ਨੂੰ ਕਰੀਬ ਡੇਢ ਮਹੀਨੇ ਤੋਂ ਵੱਧ ਸਮੇਂ ਤੋਂ ਬੰਦ ਕਰ ਦਿੱਤਾ ਗਿਆ ਹੈ। ਜਿਸ ਨਾਲ ਜਿੱਥੇ ਸਥਾਨਕ ਦੁਕਾਨਦਾਰਾਂ, ਆਮ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਪਵਿੱਤਰ ਅਸਥਾਨ ’ਤੇ ਰੋਜ਼ਾਨਾ ਨਤਮਸਤਕ ਹੋਣ ਵਾਲੀਆਂ ਹਜ਼ਾਰਾਂ ਸੰਗਤਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਈ ਢੀਂਡਸਾ ਨੇ ਕਿਹਾ ਨਵੇਂ ਪੁਲ ਦੇ ਉਦਘਾਟਨੀ ਸਮਾਰੋਹ ਸਮੇਂ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਸੰਗਤਾਂ ਨਾਲ ਵਾਅਦਾ ਕੀਤਾ ਸੀ ਕਿ ਸੰਤ ਈਸ਼ਰ ਸਿੰਘ ਜੀ ਦੀ 50ਵੀਂ ਬਰਸੀ ਮੌਕੇ ਨਵਾਂ ਪੁਲ ਸੰਗਤਾਂ ਦੇ ਸਪੁਰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨਵੇਂ ਪੁਲ ਨੂੰ ਬਰਸੀ ਸਮਾਗਮ ਤੋਂ ਪਹਿਲਾਂ ਚਾਲੂ ਨਹੀਂ ਕਰ ਸਕਦੀ ਤਾਂ ਬੰਦ ਕੀਤੇ ਪੁਰਾਣੇ ਪੁਲ ਨੂੰ 17 ਅਗਸਤ ਤੋਂ ਪਹਿਲਾ ਪਹਿਲਾ ਚਾਲੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 20 ਅਗਸਤ ਤੋਂ ਬਰਸੀ ਸਮਾਗਮ ਆਰੰਭ ਹੋ ਰਹੇ ਹਨ, ਜਿਸ ਵਿੱਚ ਦੇਸ਼-ਵਿਦੇਸ਼ ਦੀਆਂ ਲੱਖਾਂ ਸੰਗਤਾਂ ਨਤਮਸਤਕ ਹੋਣਗੀਆਂ।