ਕੂੰਮਕਲਾਂ ਥਾਣਾ ਅਧੀਨ ਆਉਂਦੇ ਪਿੰਡਾਂ ’ਚ ਰੇਤ ਮਾਫ਼ੀਆ ਸਰਗਰਮ
ਦੋ ਰਾਤਾਂ ’ਚ ਦੋ ਪਿੰਡਾਂ ਦੀ ਪੰਚਾਇਤੀ ਜ਼ਮੀਨ ’ਚੋਂ ਚੋਰੀ ਭਰੇ ਟਿੱਪਰ
ਕੂੰਮਕਲਾਂ ਥਾਣਾ ਅਧੀਨ ਆਉਂਦੇ ਪਿੰਡਾਂ ਵਿਚ ਰੇਤ ਮਾਫ਼ੀਆ ਬੇਖੌਫ਼ ਤੇ ਸਰਗਰਮ ਦਿਖਾਈ ਦੇ ਰਿਹਾ ਹੈ ਕਿਉਂਕਿ ਪਿਛਲੀਆਂ ਦੋ ਰਾਤਾਂ ਵਿਚ ਦੋ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ’ਚੋਂ ਨਾਜਾਇਜ਼ ਮਾਈਨਿੰਗ ਕਰ ਚੋਰੀ ਟਿੱਪਰ ਭਰੇ ਗਏ ਅਤੇ ਪੁਲਸ ਵਲੋਂ ਅਜੇ ਤੱਕ ਇਸ ਸਬੰਧੀ ਸ਼ਿਕਾਇਤਾਂ ਮਿਲਣ ਦੇ ਬਾਵਜ਼ੂਦ ਵੀ ਕੋਈ ਪਰਚਾ ਦਰਜ ਨਹੀਂ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ 2 ਅਕਤੂਬਰ ਦੀ ਰਾਤ ਨੂੰ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਮੰਡ ਚੌਂਤਾ ਦੀ ਪੰਚਾਇਤੀ ਜਮੀਨ ’ਚੋਂ ਨਾਜਾਇਜ ਮਾਈਨਿੰਗ ਕਰ ਰੇਤ ਦੇ ਚੋਰੀ ਟਿੱਪਰ ਭਰ ਲਏ ਗਏ। ਇਸ ਸਬੰਧੀ ਪਿੰਡ ਦੇ ਸਰਪੰਚ ਵਲੋਂ ਪੁਲਸ ਤੇ ਪੰਚਾਇਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਕਿ ਪਿੰਡ ਦੀ ਕਰੀਬ ਅੱਧਾ ਏਕੜ ਪੰਚਾਇਤੀ ਜਮੀਨ ’ਚੋਂ ਰਾਤ ਨੂੰ ਨਾਜਾਇਜ ਮਾਈਨਿੰਗ ਹੋਈ ਅਤੇੇ ਡੂੰਘੇ ਖੱਡੇ ਪਾ ਕੇ ਰੇਤਾ ਚੋਰੀ ਕਰ ਲਿਆ ਗਿਆ। ਕੂੰਮਕਲਾਂ ਅਧੀਨ ਆਉਂਦੇ ਪਿੰਡ ਮੰਡ ਚੌਂਤਾ ਵਿਖੇ ਅਜੇ ਇਹ ਨਾਜਾਇਜ਼ ਮਾਈਨਿੰਗ ਦਾ ਮਾਮਲਾ ਸੁਲਝਿਆ ਨਹੀਂ ਕਿ ਬੀਤੀ ਰਾਤ ਰੇਤ ਮਾਫ਼ੀਆ ਨੇ ਭਮਾ ਖੁਰਦ ਦੀ ਪੰਚਾਇਤੀ ਜ਼ਮੀਨ ’ਚੋਂ ਮਸ਼ੀਨਾਂ ਲਗਾ ਕੇ ਟਿੱਪਰਾਂ ਰਾਹੀਂ ਰੇਤ ਚੋਰੀ ਕਰ ਲਿਆ ਗਿਆ। ਪਿੰਡ ਦੇ ਪੰਚਾਇਤ ਮੈਂਬਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਪਿੰਡ ਦੀ ਜਮੀਨ ਚਕੌਤੇ ’ਤੇ ਲਈ ਹੈ ਅਤੇ ਕੁਝ ਦਿਨ ਪਹਿਲਾਂ ਉਸ ਨੇ ਹਰਾ ਚਾਰਾ ਵੱਢ ਕੇ ਅਗਲੀ ਬਿਜਾਈ ਲਈ ਵਾਹ ਕੇ ਤਿਆਰ ਕੀਤੀ ਸੀ। ਜਦੋਂ ਅੱਜ ਉਸ ਨੇ ਸਵੇਰੇ ਆ ਕੇ ਦੇਖਿਆ ਤਾਂ ਉਸ ਦੀ ਇਹ ਚਕੌਤੇ ’ਤੇ ਲਈ ਜਮੀਨ ’ਚੋਂ ਮਸ਼ੀਨਾਂ ਰਾਹੀਂ ਡੂੰਘੇ ਖੱਡੇ ਪਾ ਕੇ ਰੇਤ ਕੱਢ ਕੇ ਨਾਜਾਇਜ ਮਾਈਨਿੰਗ ਕੀਤੀ ਹੋਈ ਸੀ। ਇਸ ਰੇਤ ਚੋਰੀ ਤੇ ਨਾਜਾਇਜ ਮਾਈਨਿੰਗ ਸਬੰਧੀ ਉਸ ਵੱਲੋਂ ਥਾਣਾ ਕੂੰਮਕਲਾਂ ਨੂੰ ਸੂਚਿਤ ਕਰ ਦਿੱਤਾ ਗਿਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਥਾਣਾ ਕੂੰਮਕਲਾਂ ਅਧੀਨ ਪੈਂਦੇ 2 ਪਿੰਡਾਂ ਦੀਆਂ ਪੰਚਾਇਤੀ ਜਮੀਨਾਂ ’ਚੋਂ ਲਗਾਤਾਰ 2 ਰਾਤਾਂ ਵਿਚ ਮਸ਼ੀਨਾਂ ਤੇ ਟਿੱਪਰਾਂ ਰਾਹੀਂ ਨਾਜਾਇਜ਼ ਮਾਈਨਿੰਗ ਕਰ ਰੇਤ ਚੋਰੀ ਕਰ ਲਿਆ ਗਿਆ ਅਤੇ ਇਹ ਬੇਖੌਫ਼ ਰੇਤ ਮਾਫ਼ੀਆ ਕਿਸ ਦੀ ਸ਼ਹਿ ’ਤੇ ਇਹ ਵੱਡਾ ਅਪਰਾਧ ਕਰ ਗਿਆ ਜੋ ਕਿ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੈ। ਇਸ ਸਬੰਧੀ ਜਦੋਂ ਥਾਣਾ ਕੂੰਮਕਲਾਂ ਮੁਖੀ ਕਮਲਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਨੂੰ ਨਾਜਾਇਜ਼ ਮਾਈਨਿੰਗ ਸਬੰਧੀ ਸ਼ਿਕਾਇਤਾਂ ਮਿਲੀਆਂ ਹਨ ਇਸ ਸਬੰਧੀ ਸ਼ਿਕਾਇਤਕਰਤਾ ਮਾਈਨਿੰਗ ਵਿਭਾਗ ਨੂੰ ਸ਼ਿਕਾਇਤ ਦੇਣ ਜਿਨ੍ਹਾਂ ਦੀ ਰਿਪੋਰਟ ਦੇ ਅਧਾਰ ’ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਤ ਨੂੰ ਪੁਲਸ ਗਸ਼ਤ ਵਧਾ ਦਿੱਤੀ ਜਾਵੇਗੀ ਤਾਂ ਜੋ ਨਾਜਾਇਜ਼ ਮਾਈਨਿੰਗ ਨੂੰ ਨੱਥ ਪਾਈ ਜਾ ਸਕੇ।