ਭਾਕਿਯੂ ਏਕਤਾ ਉਗਰਾਹਾਂ ਵੱਲੋਂ ਸਮਰਾਲਾ ਰੈਲੀ ਦੀ ਲਾਮਬੰਦੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮਲੌਦ ਦੀ ਮੀਟਿੰਗ ਗੁਰਦੁਆਰਾ ਸਾਹਿਬ ਪਿੰਡ ਦੁਧਾਲ ਵਿਖੇ ਬਲਾਕ ਪ੍ਰਧਾਨ ਦਵਿੰਦਰ ਸਿੰਘ ਰਾਜੂ ਸਿਰਥਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਵਿੱਤ ਸਕੱਤਰ ਮਾਸਟਰ ਰਾਜਿੰਦਰ ਸਿੰਘ ਸਿਆੜ੍ਹ, ਨਾਜ਼ਰ ਸਿੰਘ ਸਿਆੜ੍ਹ, ਧਰਮ ਸਿੰਘ ਮਾਲੋ ਦੌਦ, ਲਖਵਿੰਦਰ ਸਿੰਘ ਲਾਡੀ, ਰਾਜਪਾਲ ਸਿੰਘ ਦੁਧਾਲ, ਕਿਰਨਜੀਤ ਸਿੰਘ ਪੰਧੇਰ ਖੇੜੀ, ਮਾਸਟਰ ਕੁਲਦੀਪ ਸਿੰਘ ਟਿੰਬਰਵਾਲ ਨੇ ਸੰਬੋਧਨ ਕਰਦੇ ਹੋਏ 24 ਅਗਸਤ ਨੂੰ ਸਮਰਾਲਾ ਵਿੱਚ ਹੋਣ ਵਾਲੀ ਜੇਤੂ ਰੈਲੀ ਦਾ ਮਕਸਦ ਅਤੇ ਮਹੱਤਵ ਸਮਝਾਇਆ।
ਬੁਲਾਰਿਆਂ ਨੇ ਦੱਸਿਆ ਕਿ ਹਾਕਮ ਧਿਰਾਂ ਕਿਵੇਂ ਹਮਲੇ ਤੇ ਹਮਲਾ ਕਰਕੇ ਸਾਡੀ ਰੋਜ਼ੀ ਰੋਟੀ ਖੋਹ ਰਹੀਆਂ ਹਨ, ਕਦੇ ਖੇਤੀ ਮਾਰੂ ਕਾਲੇ ਕਾਨੂੰਨ, ਕਦੇ ਲੈਂਡ ਪੂਲਿੰਗ ਨੀਤੀ ਰਾਹੀਂ ਜ਼ਮੀਨ ਹਥਿਆਉਣ ਦੀ ਚਾਲ, ਕਦੇ ਸਰਕਾਰੀ ਮੰਡੀਆਂ ਬੰਦ ਕਰਕੇ ਪ੍ਰਾਈਵੇਟ ਮੰਡੀਆਂ ਖੋਲ੍ਹਣ ਦੀ ਹੋੜ, ਜਨਤਕ ਵੰਡ ਪ੍ਰਣਾਲੀ ਤੇ ਕੱਟ ਅਤੇ ਅਮਰੀਕਾ ਨਾਲ ਕਰ ਮੁਕਤ ਵਪਾਰ ਦੇ ਸਮਝੌਤੇ ਕਰਕੇ ਕਿਰਤੀ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਨ ਲੱਗੀਆਂ ਹੋਈਆਂ ਹਨ। ਹੁਣ ਤਾਜ਼ਾ ਹੱਲਾ ਬੋਲਿਆ ਗਿਆਰਾਂ ਲੱਖ ਗਰੀਬ ਲੋਕਾਂ ਦੇ ਨਾਮ ਜਨਤਕ ਵੰਡ ਪ੍ਰਣਾਲੀ ਵਿੱਚੋਂ ਕੱਟਣ ਦੇ ਹੁਕਮ ਦੇ ਦਿੱਤੇ, ਨਾਲ ਹੀ ਕੇਂਦਰ ਸਰਕਾਰ ਸਹਿਕਾਰਤਾ ਵਿਭਾਗ ਨੂੰ ਖਤਮ ਕਰਨ ਲਈ ਨਵਾਂ ਕਾਨੂੰਨ ਲੈ ਆਈ ਹੈ, ਜਿਸਦੇ ਲਾਗੂ ਹੋਣ ਨਾਲ ਸਾਡੇ ਪਿੰਡਾਂ ਦੀਆਂ ਖੇਤੀਬਾੜੀ ਸਭਾਵਾਂ ਬਿੱਲਕੁਲ ਹੀ ਖਤਮ ਹੋ ਜਾਣਗੀਆਂ। ਬੁਲਾਰਿਆਂ ਨੇ ਦੱਸਿਆ ਕਿ ਕਿਵੇਂ ਕਿਰਤੀ ਲੋਕਾਂ ਨੂੰ ਰਾਜ ਕਰਨ ਵਾਲੀਆਂ ਧਿਰਾਂ ਚਾਰੇ ਪਾਸੇ ਤੋਂ ਵਿੰਨ੍ਹ ਰਹੀਆਂ ਨੇ, ਗਰੀਬ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਜਾ ਰਿਹਾ, ਸਾਡਾ ਰੁਜ਼ਗਾਰ ਛਾਂਗਿਆ ਜਾ ਰਿਹਾ, ਰੁਜ਼ਗਾਰ ਮੰਗ ਰਹੇ ਬੱਚਿਆਂ ਤੇ ਡਾਂਗਾਂ ਵਰ੍ਹਾਈਆਂ ਜਾ ਰਹੀਆਂ ਹਨ, ਪੰਜਾਬ ਨੂੰ ਪੁਲਸ ਸਟੇਟ ਬਣਾ ਕੇ ਹਰ ਰੋਜ਼ ਝੂਠੇ ਪੁਲੀਸ ਮੁਕਾਬਲੇ ਕੀਤੇ ਜਾ ਰਹੇ ਹਨ। ਗੱਲ ਕੀ ਸਾਰੇ ਮੁਲਕ ਵਿੱਚ ਬੇਚੈਨੀ ਦਾ ਆਲਮ ਹੈ, ਵੋਟ ਵਟੋਰੂ ਟੋਲਿਆਂ ਦੇ ਖਿਲਾਫ ਰੋਹ ਦਿਨੋ ਦਿਨ ਤਿੱਖਾ ਹੋ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ 24 ਅਗਸਤ ਨੂੰ ਸਮਰਾਲਾ ਵਿਖੇ ਹੋਣ ਵਾਲੀ ਜੇਤੂ ਰੈਲੀ ਵਿੱਚ ਬਲਾਕ ਮਲੌਦ ਤੋਂ 15 ਬੱਸਾਂ ਤੇ ਵੱਡੀਆਂ ਗੱਡੀਆਂ ਦਾ ਕਾਫਲਾ ਭਾਰੀ ਗਿਣਤੀ ਵਿੱਚ ਸਾਥੀਆਂ ਸਮੇਤ ਸ਼ਾਮਲ ਹੋਵੇਗਾ। ਵੱਖ ਵੱਖ ਪਿੰਡ ਇਕਾਈਆਂ ਨੇ ਪ੍ਰਣ ਕੀਤਾ ਕਿ ਜਥੇਬੰਦੀ ਦੇ ਹਰ ਸੱਦੇ ਨੂੰ ਤਨ ਮਨ ਨਾਲ ਲਾਗੂ ਕੀਤਾ ਜਾਵੇਗਾ ਅਤੇ ਜਥੇਬੰਦੀ ਦੀਆਂ ਨੀਤੀਆਂ ਵਿੱਚ ਪੂਰਨ ਵਿਸ਼ਵਾਸ ਪ੍ਰਗਟ ਕੀਤਾ। ਉਪ੍ਰੋਕਤ ਬੁਲਾਰਿਆਂ ਤੋਂ ਬਿਨਾਂ ਅੱਜ਼ ਦੀ ਮੀਟਿੰਗ ਵਿੱਚ ਧਰਮਿੰਦਰ ਸਿੰਘ ਸਿਰਥਲਾ, ਰੁਪਿੰਦਰ ਸਿੰਘ ਜੋਗੀਮਾਜਰਾ, ਗੁਰਸ਼ਰਨ ਸਿੰਘ ਝੱਮਟ, ਮਨਦੀਪ ਸਿੰਘ ਸਿਹੋੜਾ, ਬਰਿੰਦਰਪਾਲ ਸਿੰਘ ਸ਼ੀਹਾਂ ਦੌਦ, ਮਨਮਿੰਦਰ ਸਿੰਘ ਕੂਹਲੀ ਕਲਾਂ, ਗੁਰਜੀਤ ਸਿੰਘ ਪੰਧੇਰ ਖੇੜੀ, ਕਮਲ ਜੀਰਖ, ਗੁਰਜਿੰਦਰ ਸਿੰਘ ਰੋੜੀਆਂ, ਨਿਰਭੈਅ ਸਿੰਘ ਨਵਾਂ ਪਿੰਡ, ਕਰਨੈਲ ਸਿੰਘ ਰੱਬੋਂ ਉੱਚੀ, ਜੋਰਾ ਸਿੰਘ ਸਿਆੜ੍ਹ ਆਦਿ ਆਗੂ ਤੇ ਹੋਰ ਬਹੁਤ ਸਾਰੇ ਕਿਸਾਨ ਮਜ਼ਦੂਰ ਸਾਥੀ ਹਾਜ਼ਰ ਸਨ।