ਸਮਰਾਲਾ ਮਹਾਪੰਚਾਇਤ ਸਰਕਾਰ ਦਾ ਗਰੂਰ ਚਕਨਾਚੂਰ ਕਰੇਗੀ: ਧਨੇਰ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 24 ਅਗਸਤ ਨੂੰ ਸਮਰਾਲਾ ਵਿੱਚ ਹੋਣ ਵਾਲੀ ਮਹਾਪੰਚਾਇਤ ਦੀਆਂ ਤਿਆਰੀਆਂ ਸਬੰਧੀ ਰੱਖੀ ਗਈ ਜ਼ਿਲ੍ਹਾ ਪੱਧਰੀ ਮੀਟਿੰਗ ਵਿੱਚ ਬੀਕੇਯੂ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਮਾਮਲਿਆਂ ਵਿੱਚ ਤਿਹਾੜ ਜੇਲ੍ਹ ਵਿੱਚੋਂ ਜ਼ਮਾਨਤ ’ਤੇ ਬਾਹਰ ਘੁੰਮਣ ਵਾਲੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਸਿਖਲਾਈ ਦੇ ਰਹੇ ਹਨ ਤੇ ਮੁੱਖ ਮੰਤਰੀ ਭਗਵੰਤ ਮਾਨ ਗੂੰਗੇ ਬਣੇ ਹੋਏ ਹਨ।
ਉਨ੍ਹਾਂ ਕਿਹਾ ਕਿ ਸੱਤਾ ਪ੍ਰਾਪਤੀ ਤੋਂ ਪਹਿਲਾਂ ਭਗਵੰਤ ਮਾਨ ਸਣੇ ਇਹ ਸਾਰੇ ਜੋ ਗੱਲਾਂ ਕਰਦੇ ਸਨ ਸੱਤਾ ਮਿਲਣ ’ਤੇ ਕੰਮ ਬਿਲਕੁਲ ਉਲਟ ਕਰ ਰਹੇ ਹਨ। ਹੁਣ ਅਗਲੀਆਂ ਚੋਣਾਂ ਜਿੱਤਣ ਲਈ ਇਹ ਹਰ ਹਰਬਾ ਵਰਤਣ ਲਈ ਕਾਹਲੇ ਹਨ। ਪਰ ਇਹ ਪੰਜਾਬ ਹੈ ਤੇ ਪੰਜਾਬੀ ਮੂੰਹਤੋੜਵਾਂ ਜਵਾਬ ਦੇਣਾ ਵੀ ਜਾਣਦੇ ਹਨ। ਮੁੱਲਾਂਪੁਰ ਦਾਖਾ ਦੇ ਗੁਰਸ਼ਰਨ ਕਲਾ ਭਵਨ ਵਿੱਚ ਮੀਟਿੰਗ ਵਿੱਚ ਬਲਾਕ ਜਗਰਾਉਂ, ਸਿੱਧਵਾਂ ਬੇਟ, ਸੁਧਾਰ, ਪੱਖੋਵਾਲ, ਰਾਏਕੋਟ, ਹੰਬੜਾਂ, ਮੁੱਲਾਂਪੁਰ, ਲੁਧਿਆਣਾ, ਮਲੋਦ ਬਲਾਕਾਂ ਦੀਆਂ ਇਕਾਈਆਂ ਦੇ ਅਹੁਦੇਦਾਰ ਹਾਜ਼ਰ ਹੋਏ। ਸੂਬਾਈ ਪ੍ਰਧਾਨ ਧਨੇਰ ਤੋਂ ਇਲਾਵਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਅਮਨਦੀਪ ਸਿੰਘ ਲਲਤੋਂ, ਜਗਤਾਰ ਸਿੰਘ ਦੇਹੜਕਾ, ਔਰਤ ਵਿੰਗ ਦੀ ਸੂਬਾ ਕਮੇਟੀ ਮੈਂਬਰ ਹਰਜਿੰਦਰ ਕੋਰ, ਸੁਖਵਿੰਦਰ ਸਿੰਘ ਹੰਬੜਾਂ, ਇੰਦਰਜੀਤ ਸਿੰਘ ਧਾਲੀਵਾਲ, ਹਾਕਮ ਸਿੰਘ ਭੱਟੀਆਂ, ਰਣਬੀਰ ਸਿੰਘ ਰੁੜਕਾ, ਸਰਬਜੀਤ ਸਿੰਘ ਸੁਧਾਰ ਨੇ ਇਕੱਤਰਤਾ ਨੂੰ ਸੰਬੋਧਨ ਕੀਤਾ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਾਂਝੇ ਸੰਘਰਸ਼ ਨੇ ਪੰਜਾਬ ਸਰਕਾਰ ਨੂੰ ਕਿਸਾਨ ਤੇ ਲੋਕ ਵਿਰੋਧੀ ਲੈਂਡ ਪੂਲਿੰਗ ਨੀਤੀ ਰੱਦ ਕਰਨ ਲਈ ਮਜਬੂਰ ਕੀਤਾ ਹੈ। ਜਿਵੇਂ ਮੋਦੀ ਦਾ ਕਾਰਪੋਰੇਟਾਂ ਦਾ ਰੱਥ ਕਿਸਾਨਾਂ ਨੇ ਜਾਨ ਹੁਲਵੀਂ ਲੜਾਈ ਲੜ ਕੇ ਰੋਕਿਆ ਸੀ ਉਸੇ ਤਰ੍ਹਾਂ ਭਗਵੰਤ ਮਾਨ ਨੂੰ ਕਿਸਾਨਾਂ ਨੇ ਗੋਡਿਆਂ 'ਤੇ ਲਿਆ ਦਿੱਤਾ। ਰੈਲੀ ਰਾਹੀਂ ਕੇਂਦਰ ਸਰਕਾਰ ਵਲੋਂ ਅਮਰੀਕਨ ਸਾਮਰਾਜ ਨਾਲ ਕੀਤੇ ਜਾ ਰਹੇ ਕਿਸਾਨ ਵਿਰੋਧੀ ਮੁਕਤ ਵਪਾਰ ਸਮਝੋਤੇ ਨੂੰ ਰੱਦ ਕਰਨ ਦੀ ਵੀ ਮੰਗ ਕੀਤੀ ਜਾਵੇਗੀ। ਮਹਾਰੈਲੀ ਫ਼ਸਲੀ ਚੱਕਰ ਬਦਲਾਉਣ, ਐਮਐਸਪੀ ਹਾਸਲ ਕਰਨ ਆਦਿ ਮੰਗਾਂ 'ਤੇ ਸੰਘਰਸ਼ ਨੂੰ ਅਗਲੇ ਪੜਾਅ ਵਿੱਚ ਲਿਜਾਣ ਦਾ ਸਾਧਨ ਬਣੇਗੀ।
ਹਸਨਪੁਰ ਨੂੰ ਨੋਟਿਸ, ਸਰਾਭਾ ਬਰਖ਼ਾਸਤ
ਮੀਟਿੰਗ ਦੌਰਾਨ ਜ਼ਿਲ੍ਹਾ ਕਮੇਟੀ ਨੇ ਸਮੂਹ ਅਹੁਦੇਦਾਰਾਂ ਨੂੰ ਜਥੇਬੰਦਕ ਅਨੁਸ਼ਾਸਨ ਦੀ ਪਾਲਣਾ ਕਰਨ ਅਤੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਗਿਆ ਕਿ ਕੋਈ ਵੀ ਜਥੇਬੰਦੀ ਤੋਂ ਉੱਪਰ ਨਹੀਂ ਹੁੰਦਾ। ਇਸ ਸਮੇਂ ਜਗਰੂਪ ਸਿੰਘ ਹਸਨਪੁਰ ’ਤੇ ਅਹੁਦੇਦਾਰੀ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਗਿਆ ਅਤੇ ਉਸਦੀ ਜਵਾਬਤਲਬੀ ਲਈ ਨੋਟਿਸ ਜਾਰੀ ਕਰਨ ਦਾ ਆਮ ਸਹਿਮਤੀ ਨਾਲ ਫ਼ੈਸਲਾ ਲਿਆ ਗਿਆ। ਹਰਦੀਪ ਸਿੰਘ ਸਰਾਭਾ ਨੂੰ ਘੋਰ ਜਥੇਬੰਦਕ ਉਲੰਘਨਾਵਾਂ ਦੇ ਚਲਦਿਆਂ ਜਥੇਬੰਦੀ ਵਿੱਚੋਂ ਬਰਖ਼ਾਸਤ ਕਰ ਦਿੱਤਾ ਗਿਆ।